ਸਰਕਾਰੀ ਪ੍ਰਾਇਮਰੀ ਸਕੂਲਾਂ ਨੇ ਨਤੀਜੇ ਐਲਾਨੇ
ਸਰਕਾਰੀ ਪ੍ਰਾਇਮਰੀ ਸਕੂਲਾਂ ਨੇ ਨਤੀਜੇ ਐਲਾਨੇ
Publish Date: Sat, 28 Mar 2026 04:50 PM (IST)
Updated Date: Sat, 28 Mar 2026 04:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਜਮਾਤਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਹਨ। ਜਿਸ ਤਹਿਤ ਪ੍ਰੀ ਪ੍ਰਾਈਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਨਤੀਜੇ ਵੀ ਐਲਾਨੇ ਗਏ। ਜ਼ਿਲ੍ਹਾ ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਤੀਜੇ ਮੌਕੇ (ਮੈਗਾ ਪੀਟੀਐੱਮ) ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਆਪੋ-ਆਪਣੇ ਬੱਚਿਆਂ ਦੇ ਨਤੀਜੇ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ ਵੱਲੋਂ ਵੀ ਬਲਾਕ ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਮਾਪਿਆਂ ਨਾਲ ਸਿੱਧਾ ਰਾਬਤਾ ਕਰ ਕੇ ਮਾਪਿਆਂ ਨੂੰ ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਸ਼ਾਨਦਾਰ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ।