
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੰਗਦਾਨ ਦੀ ਮਿਸਾਲ ਬਣੇ ਵੰਸ਼ ਦੇ ਪਿਤਾ ਨੂੰ ਰਾਜਪਾਲ ਨੇ ਕੀਤਾ ਸਨਮਾਨ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ
ਮਨੁੱਖਤਾ ਦੀ ਇੱਕ ਵਿਲੱਖਣ ਉਦਾਹਰਣ ਬਣੇ 10 ਮਹੀਨਿਆਂ ਦੇ ਵੰਸ਼ ਬਾਂਸਲ ਦੇ ਅੰਗਦਾਨ ਨੂੰ ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਮਾਨਤਾ ਮਿਲੀ ਹੈ। ਵੰਸ਼ ਦੇ ਦੇਹਾਂਤ ਤੋਂ ਬਾਅਦ, ਉਸਦੇ ਮਾਪਿਆਂ ਨੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ,ਅਸਹਿ ਦੁੱਖ ਦੇ ਸਮੇਂ ਮਨੁੱਖਤਾ ਨੂੰ ਸਭ ਤੋਂ ਉੱਪਰ ਰੱਖਿਆ ਅਤੇ ਉਸਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ। ਇਸ ਉੱਤਮ ਪਹਿਲਕਦਮੀ ਨੇ 8 ਲੋੜਵੰਦ ਲੋਕਾਂ ਨੂੰ ਨਵਾਂ ਜੀਵਨ ਦਿੱਤਾ।ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ, ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਵੰਸ਼ ਬਾਂਸਲ ਦੇ ਪਿਤਾ, ਟੋਨੀ ਬਾਂਸਲ ਇੰਸਾ ਦਾ ਸਨਮਾਨ ਕਰਦਿਆਂ ਪਰਿਵਾਰ ਦੀ ਅਦੁੱਤੀ ਹਿੰਮਤ, ਕੁਰਬਾਨੀ ਅਤੇ ਮਾਨਵਤਾਵਾਦੀ ਭਾਵਨਾ ਨੂੰ ਸਲਾਮ ਕੀਤਾ। ਰਾਜਪਾਲ, ਚੰਡੀਗੜ੍ਹ ਦੇ ਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਨੇ ਸਟੇਜ ’ਤੇ ਟੋਨੀ ਬਾਂਸਲ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ।ਸਿਰਫ਼ 10 ਮਹੀਨਿਆਂ ਦੀ ਉਮਰ ਵਿੱਚ ਵੰਸ਼ ਨੇ ਦੇਹਾਂਤ ਉਪਰੰਤ ਅੱਠ ਲੋਕਾਂ ਦੇ ਜੀਵਨ ਨੂੰ ਰੋਸ਼ਨ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਆਪਣੇ ਪਿਆਰੇ ਬੱਚੇ ਨੂੰ ਗੁਆਉਣ ਦੇ ਅਸਹਿ ਦਰਦ ਦੇ ਵਿਚਕਾਰ ਮਾਪਿਆਂ ਵੱਲੋਂ ਲਿਆ ਗਿਆ ਇਹ ਫੈਸਲਾ ਮਨੁੱਖਤਾ ਦੀ ਇੱਕ ਸਰਵਉੱਚ ਉਦਾਹਰਣ ਬਣ ਗਿਆ ਹੈ। ਰਾਜਪਾਲ ਦਾ ਪੁਰਸਕਾਰ ਸਿਰਫ਼ ਟੋਨੀ ਬਾਂਸਲ ਇੰਸਾ ਦੇ ਪ੍ਰੀਵਾਰ ਨੂੰ ਹੀ ਸ਼ਰਧਾਂਜਲੀ ਨਹੀਂ, ਸਗੋਂ ਵੰਸ਼ ਬਾਂਸਲ ਦੀ ਅਮਰ ਯਾਦ ਅਤੇ ਉਸਦੇ ਮਾਪਿਆਂ ਦੀ ਅਦੁੱਤੀ ਹਿੰਮਤ ਨੂੰ ਵੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪਣੇ ਦੁੱਖ ਦੀ ਘੜੀ ਵਿੱਚ ਵੀ, ਬਹੁਤ ਸਾਰੇ ਪਰਿਵਾਰਾਂ ਦੇ ਜੀਵਨ ਵਿੱਚ ਉਮੀਦ ਦੀ ਕਿਰਨ ਜਗਾਈ।