ਖੇਤੀਬਾੜੀ ਵਿਕਾਸ ਬੈਂਕ ਅੱਗੇ ਸਰਕਾਰ ਦੀ ਅਰਥੀ ਫੂਕੀ
ਖੇਤੀਬਾੜੀ ਵਿਕਾਸ ਬੈਂਕ ਅੱਗੇ ਸਰਕਾਰ ਦੀ ਅਰਥੀ ਫੂਕੀ
Publish Date: Mon, 30 Mar 2026 04:29 PM (IST)
Updated Date: Tue, 31 Mar 2026 04:04 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦਿੜ੍ਹਬਾ ਅੱਗੇ ਧਰਨਾ ਦੇ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਜਸਵੰਤ ਸਿੰਘ ਛਾਹੜ੍ਹ, ਕੁਲਵੰਤ ਸਿੰਘ ਉਭਿਆ , ਰਿੰਕੂ ਮੂਣਕ , ਬੀਕੇਯੂ ਏਕਤਾ ਮਲਵਈ ਦੇ ਆਗੂ ਧਰਮਿੰਦਰ ਸਿੰਘ ਪਿਸ਼ੌਰ, ਮਲਕੀਤ ਸਿੰਘ ਤੂਰਬੰਜਾਰਾ ਨੇ ਕਿਹਾ ਕਿ ਪਿੰਡ ਹਰੀ ਨੌ ਦੇ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ ਕਰਨ ਵਾਲੇ ਭਰਾਵਾਂ ਨੇ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜ਼ਿਆਦਾ ਦੀ ਰਕਮ ਉਨ੍ਹਾਂ ਨੂੰ ਵਾਪਸ ਕਰਨੀ ਪਈ ਤੇ ਇਸ ਕਰਜ਼ੇ ਨੂੰ ਉਤਾਰਨ ਲਈ ਉਨ੍ਹਾਂ ਨੂੰ ਆਪਣੀ ਥੋੜੀ ਜ਼ਮੀਨ ਵੀ ਵੇਚਣੀ ਪਈ ਪਰ ਫਿਰ ਵੀ ਬੈਂਕ ਮੈਨੇਜਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਦੋਵਾਂ ਨੇ ਖੁਦਕੁਸ਼ੀ ਕਰ ਲਈ। ਜਿਸ ਦੇ ਲਈ ਸਿੱਧੇ ਤੌਰ ਤੇ ਉਹ ਮੈਨੇਜਰ ਜਿੰਮੇਵਾਰ ਹੈ , ਇਸ ਲਈ ਪੰਜਾਬ ਸਰਕਾਰ ਨੂੰ ਫੌਰੀ ਤੌਰ ਤੇ ਉਸ ਮੈਨੇਜਰ ਖਿਲਾਫ ਕਤਲ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਤੇ ਨਾਲ ਹੀ ਉਨਾਂ ਮ੍ਰਿਤਕ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਕੇ ਪਰਿਵਾਰ ਦੇ ਜਖਮਾਂ ਤੇ ਮੱਲਮ ਲਾਉਣ ਲਈ ਸਰਕਾਰੀ ਨੌਕਰੀ ਅਤੇ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ । ਆਗੂਆਂ ਨੇ ਕਿਹਾ ਕਿ ਪੰਜਾਬ ਭਰ ’ਚ ਅਜਿਹੇ ਕਰੀਬ 109 ਕਰਜ਼ਾ ਨਾ ਮੋੜ ਸਕਣ ਵਾਲੇ ਕਿਸਾਨਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਕੋਲ 20 ਏਕੜ ਤੋਂ ਵੱਧ ਜ਼ਮੀਨ ਦੀ ਮਾਲਕੀ ਹੈ। ਕਿਸਾਨ ਕਰੀਬ 20 ਕਰੋੜ ਰੁਪਏ ਦੇ ਕਰਜ਼ਈ ਹਨ। ਉਨਾਂ ਦੱਸਿਆ ਕਿ ਐਸਕੇਐਮ ਗੈਰ ਰਾਜਨੀਤਿਕ ਭਾਰਤ ਵੱਲੋਂ 2 ਅਪ੍ਰੈਲ ਨੂੰ ਸਮੁੱਚੇ ਭਾਰਤ ਅੰਦਰ ਜਿਲਾ ਹੈਡਕੁਆਰਟਰਾਂ ਉੱਪਰ ਧਰਨੇ ਦੇ ਕੇ ਭਾਰਤ ਸਰਕਾਰ ਵੱਲੋਂ ਹੋਰ ਦੇਸ਼ਾਂ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤੇ ਰੱਦ ਕਰਨ, ਉਨਾਂ ਸਮਝੌਤਿਆਂ ਤੋਂ ਬਾਹਰ ਆਉਣ ਸਮੇਤ ਹੋਰਨਾਂ ਮੰਗਾਂ ਸਬੰਧੀ ਮਾਣਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਗੁਰਵਿੰਦਰ ਸਿੰਘ ਛਾਹੜ੍ਹ, ਰੋਹੀ ਸਿੰਘ ਲਾਡਬੰਜਾਰਾ, ਰਾਜਵੀਰ ਸਿੰਘ ਹਰੀਗੜ੍ਹ, ਗੋਗੀ ਸਿੰਘ, ਸੰਦੀਪ ਸਿੰਘ, ਗੁਰਤੇਜ ਸਿੰਘ , ਬੰਸਾ ਸਿੰਘ , ਗੁਰਾ ਸਿੰਘ , ਰਘਵੀਰ ਸਿੰਘ , ਜਿੰਦਰ ਸਿੰਘ ,ਦੁੱਲਾ ਸਿੰਘ ਛਾਹੜ੍ਹ,ਜੱਗਾ ਸਿੰਘ ਉਭਿਆ, ਲਾਭ ਸਿੰਘ, ਬਲਵਿੰਦਰ ਸਿੰਘ, ਰਾਏ ਸਿੰਘ, ਅਜੈਬ ਸਿੰਘ, ਭੂਰਾ ਸਿੰਘ ਹਰੀਗੜ੍ਹ ਹਾਜ਼ਰ ਸਨ।