ਮਿਰਗੀ ਦੇ ਮਰੀਜ਼ਾਂ ਦੀਆਂ ਦਵਾਈਆਂ ਦੀ ਨਿਰੰਤਰ ਸਪਲਾਈ ਯਕੀਨੀ ਬਣਾਏ ਸਰਕਾਰ : ਡਾ. ਜੱਗੀ ਮਿਰਗੀ ਦੇ ਮਰੀਜ਼ਾਂ ਦੀਆਂ ਦਵਾਈਆਂ ਦੀ ਨਿਰੰਤਰ ਸਪਲਾਈ ਯਕੀਨੀ ਬਣਾਏ ਸਰਕਾਰ : ਡਾ. ਜੱਗੀ
Publish Date: Wed, 18 Nov 2026 04:12 PM (IST)
Updated Date: Wed, 18 Nov 2026 04:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਹਿਮਦਗੜ੍ਹ : ਰਾਸ਼ਟਰੀ ਮਿਰਗੀ ਦਿਵਸ ਮੌਕੇ ਡਾ. ਜਗਦੇਵ ਸਿੰਘ ਜੱਗੀ ਗਰਚਾ ਛਪਾਰ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਮਿਰਗੀ ਦੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੀ ਮਰੀਜ਼ ਦਾ ਇਲਾਜ ਵਿਚਕਾਰ ਨਾ ਰੁਕੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਕੁਝ ਸਮੇਂ ਤੋਂ ਕੈਮਿਸਟਾਂ, ਪੁਲਿਸ ਅਤੇ ਸਿਹਤ ਵਿਭਾਗ ਵਿਚਕਾਰ ਪੈਦਾ ਹੋ ਰਹੀ ਖਿੱਚੋਤਾਣ ਅਤੇ ਦਵਾਈਆਂ ਦੀ ਵਿਕਰੀ ਸਬੰਧੀ ਕਾਰਵਾਈਆਂ ਕਾਰਨ ਕੁਝ ਮਰੀਜ਼ਾਂ ਨੂੰ ਆਪਣੀਆਂ ਨਿਯਮਤ ਦਵਾਈਆਂ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ਦਾ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਮਰੀਜ਼ਾਂ ’ਤੇ ਪੈ ਸਕਦਾ ਹੈ, ਜਿਨ੍ਹਾਂ ਨੂੰ ਮਿਰਗੀ ਵਰਗੀਆਂ ਬਿਮਾਰੀਆਂ ਲਈ ਲੰਬੇ ਸਮੇਂ ਤੱਕ ਲਗਾਤਾਰ ਦਵਾਈਆਂ ਲੈਣੀਆਂ ਪੈਂਦੀਆਂ ਹਨ। ਫਾਰਮਾਸਿਸਟ ਤੇ ਕੈਮਿਸਟ ਮਹਾਂਵੀਰ ਗੋਇਲ ਅਹਿਮਦਗੜ੍ਹ ਨੇ ਕਿਹਾ ਕਿ ਮਿਰਗੀ ਇੱਕ ਨਿਊਰੋਲੋਜੀਕਲ ਬਿਮਾਰੀ ਹੈ, ਜਿਸ ਦਾ ਇਲਾਜ ਨਿਯਮਤ ਦਵਾਈਆਂ ਅਤੇ ਡਾਕਟਰੀ ਸਲਾਹ ਅਨੁਸਾਰ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਮਰੀਜ਼ ਦੀ ਦਵਾਈ ਅਚਾਨਕ ਬੰਦ ਹੋ ਜਾਵੇ ਜਾਂ ਇਲਾਜ ਵਿੱਚ ਗੈਪ ਪੈ ਜਾਵੇ ਤਾਂ ਦੌਰੇ ਮੁੜ ਪੈਣ ਅਤੇ ਸਿਹਤ ਸਬੰਧੀ ਗੰਭੀਰ ਪੇਚੀਦਗੀਆਂ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਕਿਸੇ ਵੀ ਪ੍ਰਸ਼ਾਸਨਿਕ ਜਾਂ ਵਿਭਾਗੀ ਵਿਵਸਥਾ ਕਾਰਨ ਮਰੀਜ਼ਾਂ ਦੇ ਇਲਾਜ ਦੀ ਨਿਰੰਤਰਤਾ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਇਸ ਸਬੰਧੀ ਨੌਜਵਾਨ ਸਮਾਜ ਸੇਵੀ ਅਤੇ ਮਹਾਰਾਜਾ ਅਗਰਸੈਨ ਹੈਲਥ ਕੇਅਰ ਸਰਵਿਸ ਸੋਸਾਇਟੀ ਦੇ ਸਕੱਤਰ ਸੌਰਵ ਜੈਨ ਪੈਟਰੋਲ ਪੰਪ ਵਾਲਿਆਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਅਜਿਹੀ ਵਿਵਸਥਾ ਬਣਾਈ ਜਾਵੇ, ਜਿਸ ਨਾਲ ਕੈਮਿਸਟ ਵੀ ਨਿਯਮਾਂ ਦੀ ਪਾਲਣਾ ਕਰ ਸਕਣ ਅਤੇ ਮਰੀਜ਼ਾਂ ਨੂੰ ਡਾਕਟਰ ਦੀ ਪਰਚੀ ਅਨੁਸਾਰ ਲੋੜੀਂਦੀਆਂ ਦਵਾਈਆਂ ਸਮੇਂ ਸਿਰ ਮਿਲਦੀਆਂ ਰਹਿਣ। ਖ਼ਾਸ ਕਰਕੇ ਮਿਰਗੀ ਅਤੇ ਹੋਰ ਲੰਬੇ ਸਮੇਂ ਤੱਕ ਦਵਾਈਆਂ ਲੈਣ ਵਾਲੇ ਮਰੀਜ਼ਾਂ ਲਈ ਦਵਾਈਆਂ ਦੀ ਨਿਰਵਿਘਨ ਉਪਲਬਧਤਾ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।