
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੁਸ਼ਟ ਤੇ ਮਾਨਸਿਕ ਰੋਗੀਆਂ ਨੂੰ ਮਿਲਣ ਸਰਕਾਰੀ ਸਹੂਲਤਾਂ : ਡਾ. ਨਾਇਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਨਵੀਂ ਦਿੱਲੀ ਦੇ ਸਪੈਸ਼ਲ ਮੋਨੀਟਰ (ਲੈਪਰੋਸੀ) ਡਾ. ਪ੍ਰਦੀਪਤਾ ਕੁਮਾਰ ਨਾਇਕ ਨੇ ਪਟਿਆਲਾ ਜ਼ਿਲ੍ਹੇ ਦਾ ਦੌਰਾ ਕਰਕੇ ਕੁਸ਼ਟ ਰੋਗੀਆਂ, ਇਸ ਰੋਗ ਕਾਰਨ ਅਪੰਗ ਹੋਏ ਵਿਅਕਤੀਆਂ ਤੇ ਮਾਨਸਿਕ ਸਿਹਤ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਤੇ ਸਰਕਾਰੀ ਸਕੀਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪਟਿਆਲਾ ਅਤੇ ਰਾਜਪੁਰਾ ਦੀਆਂ ਕੁਸ਼ਟ ਕਲੋਨੀਆਂ ਵਿਚ ਰਹਿੰਦੇ ਵਿਅਕਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਡਾ. ਨਾਇਕ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਕੁਸ਼ਟ ਰੋਗੀ ਜਾਂ ਮਾਨਸਿਕ ਸਿਹਤ ਤੋਂ ਪ੍ਰਭਾਵਿਤ ਵਿਅਕਤੀ ਸਰਕਾਰੀ ਸੇਵਾਵਾਂ ਅਤੇ ਭਲਾਈ ਸਕੀਮਾਂ ਦੇ ਲਾਭ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਸਮਾਜਿਕ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਲਈ ਯਤਨ ਕੀਤੇ ਜਾਣ। ਇਸ ਉਪਰੰਤ ਸਰਕਟ ਹਾਊਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੌਰਾਨ ਸਿਹਤ, ਸਮਾਜਿਕ ਸੁਰੱਖਿਆ, ਸਮਾਜਿਕ ਭਲਾਈ, ਮਾਨਸਿਕ ਸਿਹਤ, ਸਿੱਖਿਆ, ਰੋਜ਼ਗਾਰ, ਮਹਿਲਾ ਤੇ ਬਾਲ ਵਿਕਾਸ ਅਤੇ ਹੋਰ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਲੋੜ ਅਨੁਸਾਰ ਫੀਲਡ ਵੈਰੀਫਿਕੇਸ਼ਨ ਕਰਨ ਲਈ ਕਿਹਾ। ਡਾ. ਨਾਇਕ ਨੇ ਕਿਹਾ ਕਿ ਕੁਸ਼ਟ ਰੋਗ ਨੂੰ ਹਰਾਉਣ ਲਈ ਦਵਾਈ ਦੇ ਨਾਲ ਮਾਨਸਿਕ ਸਹਾਇਤਾ ਤੇ ਸਮਾਜਿਕ ਸਵੀਕਾਰਤਾ ਵੀ ਜ਼ਰੂਰੀ ਹੈ। ਇਸ ਮੌਕੇ ਐੱਸਡੀਐੱਮ ਗੁਰਦੇਵ ਸਿੰਘ, ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਰਾਜੀਵ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।