- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਈਪ ਲਾਈਨ ਦੇ ਕੰਮ ਨੂੰ ਜਲਦ ਤੋਂ ਜਲਦ ਨੇਪਰੇ ਚਾਡ਼ਿਆ ਜਾਵੇ: ਗੌਰਵ ਸੰਧੂ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪਟਿਆਲਾ-ਪਹੇਵਾ ਮੁੱਖ ਮਾਰਗ ਤੇ ਸਥਿਤ ਕਸਬਾ ਦੇਵੀਗਡ਼੍ਹ ਜਿੱਥੇ ਕਿ ਨਗਰ ਪੰਚਾਇਤ ਅਧੀਨ ਪਿੰਡ ਭੰਬੂਆਂ ਵਿਖੇ ਲਗਭਗ 19 ਕਰੋਡ਼ ਦੀ ਲਾਗਤ ਨਾਲ ਬਣਾਏ ਜਾ ਰਹੇ ਟ੍ਰੀਟਮੈਂਟ ਪਲਾਂਟ ਲਈ ਵੱਖ-ਵੱਖ ਪਿੰਡਾਂ ’ਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦੀ ਪਾਈਪ ਲਾਈਨ ਪਾਉਣ ਦਾ ਕੰਮ ਜੋ ਕਿ ਪਿਛਲੇ ਦੋ ਢਾਈ ਮਹੀਨਿਆਂ ਤੋਂ ਕੀਡ਼ੀ ਦੀ ਚਾਲ ਚੱਲ ਰਿਹਾ ਹੈ, ਉਸ ਨੂੰ ਜਲਦ ਤੋਂ ਜਲਦ ਨੇਪਰੇ ਚਾਡ਼ਿਆ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੀਤ ਪ੍ਰਧਾਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਤੇ ਸੀਨੀਅਰ ਕਾਂਗਰਸੀ ਗੌਰਵ ਸੰਧੂ ਨੇ ਗੱਲਬਾਤ ਕਰਦਿਆਂ ਕੀਤਾ। ਗੌਰਵ ਸੰਧੂ ਨੇ ਕਿਹਾ ਕਿ ਦੇਵੀਗਡ਼੍ਹ ਦੇ ਕੁਝ ਦੁਕਾਨਦਾਰਾਂ ਨੇ ਆਪਣਾ ਦੁਖਡ਼ਾ ਸੁਣਾਉਂਦਿਆਂ ਕਿਹਾ ਕਿ ਸਾਡੀਆਂ ਇਲੈਕਟਰੋਨਿਕਸ ਦੀਆਂ ਦੁਕਾਨਾਂ ਅੱਗੇ ਜੋ ਪੋਕਲੇਨ ਮਸ਼ੀਨ ਲੱਗੀ ਹੋਈ ਹੈ, ਉਸ ਦੁਆਰਾ ਪਾਈਪ ਲਾਈਨ ਪਾਉਣ ਦਾ ਕੰਮ ਬਹੁਤ ਹੀ ਢਿੱਲੀ ਰਫਤਾਰ ਨਾਲ ਚੱਲ ਰਿਹਾ ਹੈ, ਜਿਹਡ਼ਾ ਕੰਮ 20 ਦਿਨਾਂ ਵਿਚ ਖਤਮ ਹੋਣਾ ਚਾਹੀਦਾ ਸੀ, ਉਸ ਨੂੰ ਅੱਜ ਢਾਈ ਮਹੀਨੇ ਤੋਂ ਵੀ ਉੱਪਰ ਹੋ ਗਏ ਹਨ। ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਠੇਕੇਦਾਰ ਨੂੰ ਕਹਿਣ ਦੇ ਬਾਵਜੂਦ ਵੀ ਪੋਕਲੇਨ ਮਸੀਨ ਨਹੀਂ ਚਲਾਈ ਜਾ ਰਹੀ, ਜੋ ਕਿ ਪਿਛਲੇ ਦੋ ਦਿਨ ਤੋਂ ਬੰਦ ਖਡ਼੍ਹੀ ਹੈ। ਦੁਕਾਨਾਂ ਨੂੰ ਜਾਣ ਦਾ ਰਸਤਾ ਵੀ ਬੰਦ ਪਿਆ ਹੈ। ਗੌਰਵ ਸੰਧੂ ਨੇ ਕਿਹਾ ਕਿ ਜੋ ਸੀਵਰੇਜ ਦੀ ਪਾਈਪ ਲਾਈਨ 10 ਇੰਚ ਦੀ ਪਾਈ ਜਾ ਰਹੀ ਉਸ ਲਈ 15 ਫੁੱਟ ਦੇ ਕਰੀਬ ਚੌਡ਼ਾ ਅਤੇ 20 ਫੁੱਟ ਡੂੰਘਾ ਸਡ਼ਕ ਦਾ ਕਿਨਾਰਾ ਪੁੱਟਿਆ ਜਾ ਰਿਹਾ ਹੈ, ਜਿਸ ਕਰਕੇ ਉਨਾਂ ਦੀਆਂ ਦੁਕਾਨਾਂ ਦੇ ਚੌਂਤਰਿਆਂ ’ਚ ਵੀ ਤਰੇਡ਼ਾਂ ਪੈ ਗਈਆਂ ਹਨ ਅਤੇ ਦੁਕਾਨਾਂ ’ਚ ਗਾਹਕਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਹੈ।