ਪੰਜਾਬ ਪਬਲਿਕ ਸਕੂਲ, ਨਾਭਾ ’ਚ ਮਨਾਈ ਗੋਲਡਨ ਜੁਬਲੀ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਆਈ.ਐੱਸ.ਸੀ. 1976 ਬੈਚ ਦਾ ਗੋਲਡਨ ਜੁਬਲੀ ਸਮਾਗਮ
Publish Date: Thu, 19 Nov 2026 07:35 PM (IST)
Updated Date: Fri, 20 Nov 2026 04:10 AM (IST)
5) ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਪਟਿਆਲਾ: ਪੰਜਾਬ ਪਬਲਿਕ ਸਕੂਲ, ਨਾਭਾ ਦੇ ਆਈ.ਐੱਸ.ਸੀ. 1976 ਬੈਚ ਦੇ ਗੋਲਡਨ ਜੁਬਲੀ ਵਰ੍ਹੇ ਮੌਕੇ ਸਾਬਕਾ ਵਿਦਿਆਰਥੀਆਂ ਨੇ ਸਕੂਲ ਦਾ ਦੌਰਾ ਕੀਤਾ। ਇਸ ਮਿਲਣੀ ਦਾ ਉਦੇਸ਼ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਤੇ ਪੰਜ ਦਹਾਕਿਆਂ ਦੌਰਾਨ ਸਕੂਲ ਵੱਲੋਂ ਕੀਤੀ ਗਈ ਤਰੱਕੀ ਤੇ ਵਿਕਾਸ ਨੂੰ ਦੇਖਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਦੋ ਮਿੰਟ ਦਾ ਮੌਨ ਧਾਰਨ ਕਰਕੇ ਕੀਤੀ ਗਈ। ਬੈਚ ਦੇ ਇੱਕ ਸਾਥੀ ਦੇ ਪੁੱਤਰ ਮੇਜਰ ਅਨੁਜ ਸੂਦ, ਜਿਨ੍ਹਾਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਸੀ ਤੇ ਜੋ ਸਾਲ 2020 ਵਿੱਚ ਹੰਦਵਾੜਾ ਵਿਖੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਏ ਸਨ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਿਛੜ ਚੁੱਕੇ ਅਧਿਆਪਕਾਂ ਤੇ ਸਾਥੀਆਂ ਨੂੰ ਵੀ ਯਾਦ ਕੀਤਾ। ਮਲਕਾਨੀ ਹਾਲ ’ਚ ਸਕੂਲ ਦੇ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਪਹੁੰਚੇ ਹੋਏ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਸਾਬਕਾ ਵਿਦਿਆਰਥੀਆਂ ਨੇ ਸਕੂਲ ਕੈਂਪਸ ਦਾ ਦੌਰਾ ਕੀਤਾ ਤੇ ਹੈਡਮਾਸਟਰਜ਼ ਗ੍ਰੀਨ ਵਿਖੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ। ਆਡੀਟੋਰੀਅਮ ’ਚ ਹੋਏ ਸਮਾਗਮ ਦੌਰਾਨ ਉਨ੍ਹਾਂ ਨੇ ਆਪਣੇ ਸਕੂਲੀ ਜੀਵਨ ਦੀਆਂ ਯਾਦਾਂ ਅਤੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਡਾ. ਸ਼ਰਮਾ ਨੇ ਸਾਬਕਾ ਵਿਦਿਆਰਥੀਆਂ ਦੀਆਂ ਅਜਿਹੀਆਂ ਮਿਲਣੀਆਂ ਨੂੰ ਸਕੂਲ ਦੀ ਵਿਰਾਸਤ ਨਾਲ ਜੁੜੇ ਰਹਿਣ ਅਤੇ ਪੁਰਾਣੇ ਵਿਦਿਆਰਥੀਆਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਮ ਮਾਧਿਅਮ ਦੱਸਿਆ। ਉਨ੍ਹਾਂ ਨੇ ਮਹਿਮਾਨਾਂ ਨੂੰ ਯਾਦਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।