- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿਆਨੀ ਦਿੱਤ ਸਿੰਘ ਪੁਰਸਕਾਰ-2026’ ਸਮਾਰੋਹ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੇਂਡੂ ਸਾਹਿਤ ਸਭਾ (ਰਜਿ.) ਨੰਦਪੁਰ ਕਲੌੜ, ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਵੱਲੋਂ ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿਖੇ ‘ਗਿਆਨੀ ਦਿੱਤ ਸਿੰਘ ਪੁਰਸਕਾਰ-2026’ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਨਾਮਵਰ ਚਿੰਤਕ, ਆਲੋਚਕ ਤੇ ਸਾਹਿਤਕਾਰ ਡਾ. ਭੀਮ ਇੰਦਰ ਸਿੰਘ ਨੂੰ ਗਿਆਨੀ ਦਿੱਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਗਿਆਨਦੀਪ ਸਾਹਿਤ ਸਾਧਨਾ ਮੰਚ ਦੇ ਪ੍ਰਧਾਨ ਡਾ. ਜੀ. ਐੱਸ. ਆਨੰਦ ਨੇ ਕੀਤੀ, ਜਦਕਿ ਉੱਘੇ ਲੇਖਕ, ਸ਼ਾਇਰ ਅਤੇ ਆਲੋਚਕ ਡਾ. ਮੀਤ ਖੱਟੜਾ ਸੰਗਰੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਨੇ ਸਭਾ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸਾਹਿਤਕ ਕਾਰਜਾਂ ਤੇ ਪ੍ਰਦਾਨ ਕੀਤੇ ਸਨਮਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਮੁੱਖ ਸਿੰਘ ਜਾਗੀ ਵੱਲੋਂ ਗਿਆਨੀ ਦਿੱਤ ਸਿੰਘ ਨੂੰ ਸਮਰਪਿਤ ਰਚਨਾ ਨਾਲ ਕੀਤੀ ਗਈ। ਡਾ. ਮੀਤ ਖੱਟੜਾ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੇ ਇਤਿਹਾਸ ਅਤੇ ਵਿਰਸੇ ਪ੍ਰਤੀ ਚੇਤੰਨ ਕਰਦੇ ਹਨ। ਸਾਹਿਤਕਾਰਾਂ ਦਾ ਸਨਮਾਨ ਕਰਨਾ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੇ ਨਾਲ-ਨਾਲ ਸਾਹਿਤਕ ਖੇਤਰ ਵਿੱਚ ਨਵੀਂ ਪ੍ਰੇਰਣਾ ਵੀ ਪੈਦਾ ਕਰਦਾ ਹੈ। ਡਾ. ਜੀ. ਐੱਸ. ਆਨੰਦ ਨੇ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਜਜ਼ਬਾਤੀ ਸਾਂਝ ਅਤੇ ਸਾਹਿਤਕ ਚੇਤਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਕੁਲਵੰਤ ਸਿੰਘ ਨਾਰੀਕੇ, ਧਰਮ ਕੰਮੇਆਣਾ, ਲਾਲ ਮਿਸਤਰੀ ਅਤੇ ਡਾ. ਰਵੀ ਭੂਸ਼ਨ ਸਿੰਗਲਾ ਨੇ ਵੀ ਗਿਆਨੀ ਦਿੱਤ ਸਿੰਘ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਬਾਰੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਪੰਜਾਬੀ ਮੈਗਜ਼ੀਨ ‘ਗੁਸਈਆਂ’ ਦਾ ਅਕਤੂਬਰ ਅੰਕ ਵੀ ਜਾਰੀ ਕੀਤਾ ਗਿਆ। ਕਵੀ ਦਰਬਾਰ ਵਿੱਚ ਬਚਨ ਸਿੰਘ ਗੁਰਮ, ਕੁਲਵੰਤ ਸਿੰਘ ਸੈਦੋਕੇ, ਗੁਰਪ੍ਰੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਖਾਰਾ, ਗੁਰਦਰਸ਼ਨ ਸਿੰਘ ਗੁਸੀਲ, ਕੁਲਦੀਪ ਜੋਧਪੁਰੀ ਸਮੇਤ ਵੱਡੀ ਗਿਣਤੀ ਵਿੱਚ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਨੇ ਬਾਖੂਬੀ ਕੀਤਾ।