ਸੋਨੇਮਾਜਰਾ ’ਚ ਅਵਾਰਾ ਕੁੱਤਿਆਂ ਦਾ ਖੌਫ
ਸੋਨੇਮਾਜਰਾ ਵਿੱਚ ਅਵਾਰਾ ਕੁੱਤਿਆਂ ਦਾ ਖੌਫ- ਸਿਹਤ ਮੰਤਰੀ ਨੂੰ ਪੱਤਰ ਭੇਜਣ ਤੇ ਵੀ ਕੋਈ ਕਾਰਵਾਈ ਨਹੀਂ
Publish Date: Tue, 31 Mar 2026 06:24 PM (IST)
Updated Date: Tue, 31 Mar 2026 06:28 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੇ ਨਜ਼ਦੀਕੀ ਪਿੰਡ ਸੋਨੇਮਾਜਰਾ ਵਿਚ ਅਵਾਰਾ ਕੁੱਤਿਆਂ ਦਾ ਖੌਫ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਪਿੰਡ ਵਿਚ ਅਵਾਰਾ ਕੁੱਤਿਆਂ ਨੇ 6 ਬੱਚਿਆਂ ਤੇ ਇਕ ਔਰਤ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਦੇ ਸਰਪੰਚ ਸੋਹਨ ਲਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸਿਹਤ ਮੰਤਰੀ ਨਾਲ ਸੰਪਰਕ ਕੀਤਾ ਸੀ ਤਾਂ ਉਨਾਂ ਕੇ ਪੱਤਰ ਵ੍ਹਟਸਐਪ ਰਾਹੀਂ ਭੇਜਣ ਲਈ ਕਿਹਾ ਸੀ। ਇਸ ਲਈ ਇਕ ਪੱਤਰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਵ੍ਹਟਸਐਪ ਰਾਹੀਂ ਪੱਤਰ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸਰਪੰਚ ਨੇ ਮੰਗ ਕੀਤੀ ਕਿ ਜ਼ਖ਼ਮੀ ਬੱਚਿਆਂ ਦੀ ਜਾਂਚ ਅਤੇ ਇਲਾਜ ਲਈ ਡਾਕਟਰੀ ਟੀਮ ਪਿੰਡ ’ਚ ਭੇਜੀ ਜਾਵੇ। ਸਰਪੰਚ ਸੋਹਨ ਲਾਲ ਨੇ ਇਹ ਵੀ ਦੱਸਿਆ ਕਿ ਪੀੜਤ ਬੱਚੇ ਮਜ਼ਦੂਰ ਵਰਗ ਨਾਲ ਸਬੰਧਤ ਹਨ, ਜਿਸ ਕਰਕੇ ਉਨ੍ਹਾਂ ਲਈ ਤੁਰੰਤ ਇਲਾਜ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਅਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਸੈਲਟਰ ਵਿਚ ਭੇਜਣ ਦੀ ਵੀ ਮੰਗ ਵੀ ਕੀਤੀ। ਇਸ ਮਾਮਲੇ ਸਬੰਧੀ ਅੱਜ ਅਖਬਾਰਾਂ ਵਿਚ ਖ਼ਬਰ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਤੇ ਖਬਰ ਲਿਖਣ ਤੱਕ ਪਿੰਡ ਸੋਨੇਮਾਜਰਾ ’ਚ ਨਾ ਤਾਂ ਕੋਈ ਡਾਕਟਰੀ ਟੀਮ ਪਹੁੰਚੀ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ।