- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਨੌਰ ਦੀ ਮਾਸਟਰ ਕਲੋਨੀ : ਕਦੇ ਅਧਿਆਪਕਾਂ ਦੀ ਰਿਹਾਇਸ਼ ਦਾ ਮਾਣ, ਅੱਜ ਸਰਕਾਰੀ ਅਣਗਹਿਲੀ ਦਾ ਸ਼ਿਕਾਰ

- ਮਾਸਟਰ ਕਾਲੋਨੀ ਦੇ ਕੁਆਰਟਰਾਂ ’ਚੋਂ ਨਿਕਲੀਆਂ ਸਿੱਖਿਆ ਤੇ ਸਾਹਿਤ ਦੀਆਂ ਕਈ ਹਸਤੀਆਂ
- 1993 ਦੇ ਹੜ੍ਹਾਂ ਨੇ ਬਦਲੀ ਕਲੋਨੀ ਦੀ ਤਸਵੀਰ, ਮੁੜ ਵਿਕਾਸ ਹੋਵੇ ਤਾਂ ਸਰਕਾਰ ਨੂੰ ਆਮਦਨ ਤੇ ਮੁਲਾਜ਼ਮਾਂ ਨੂੰ ਮਿਲ ਸਕਦੀ ਐ ਰਿਹਾਇਸ਼
ਫੋਟੋ 06ਪੀਟੀਐੱਲ- 39 ਤੇ 40
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ
ਘਨੌਰ : ਜ਼ਿਲ੍ਹੇ ਦੇ ਕਸਬਾ ਘਨੌਰ ’ਚ ਨਰਵਾਣਾ ਬ੍ਰਾਂਚ ਨਹਿਰ ਨੇੜੇ ਪੀਡਬਲਯੂਡੀ ਵਿਭਾਗ ਵੱਲੋਂ ਬਣਾਈ ਗਈ ਮਾਸਟਰ ਕਾਲੋਨੀ ਕਦੇ ਇਲਾਕੇ ਦੀਆਂ ਪ੍ਰਮੁੱਖ ਸਰਕਾਰੀ ਰਿਹਾਇਸ਼ੀ ਕਾਲੋਨੀਆਂ ’ਚ ਸ਼ੁਮਾਰ ਹੁੰਦੀ ਸੀ। ਇੱਥੇ ਬਣੇ ਸਰਕਾਰੀ ਕੁਆਰਟਰਾਂ ’ਚ ਅਧਿਆਪਕਾਂ ਤੇ ਹੋਰ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰ ਰਹਿੰਦੇ ਸਨ। ਬੱਚਿਆਂ ਦੀਆਂ ਕਿਲਕਾਰੀਆਂ, ਅਧਿਆਪਕਾਂ ਦੀਆਂ ਆਪਸੀ ਗੱਲਾਂਬਾਤਾਂ ਤੇ ਸਾਹਿਤਕ ਵਿਚਾਰ-ਚਰਚਾਵਾਂ ਕਾਰਨ ਇਹ ਕਾਲੋਨੀ ਸਿਰਫ਼ ਰਿਹਾਇਸ਼ ਦਾ ਸਥਾਨ ਹੀ ਨਹੀਂ, ਸਗੋਂ ਘਨੌਰ ਦੇ ਸਿੱਖਿਆ ਤੇ ਸੱਭਿਆਚਾਰਕ ਮਾਹੌਲ ਦਾ ਵੀ ਇਕ ਅਹਿਮ ਕੇਂਦਰ ਰਹੀ। ਸਮਾਂ ਬੀਤਣ ਨਾਲ ਮਾਸਟਰ ਕਾਲੋਨੀ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਗਈ। ਕਈ ਕੁਆਰਟਰਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਤੇ ਕਾਲੋਨੀ ਦੀ ਪੁਰਾਣੀ ਰੌਣਕ ਕਿਤੇ ਗੁਆਚ ਗਈ ਹੈ। ਹਾਲਾਂਕਿ ਇਸ ਨਾਲ ਜੁੜੀਆਂ ਯਾਦਾਂ ਅੱਜ ਵੀ ਸਥਾਨਕ ਲੋਕਾਂ ਦੇ ਮਨਾਂ ’ਚ ਤਾਜ਼ਾ ਹਨ।
ਸਥਾਨਕ ਲੋਕਾਂ ਅਨੁਸਾਰ ਮਾਸਟਰ ਕਾਲੋਨੀ ਦੇ ਕੁਆਰਟਰਾਂ ’ਚ ਮਾਸਟਰ ਰਵਿੰਦਰ ਸ਼ਰਮਾ, ਪ੍ਰਸਿੱਧ ਲੇਖਕ ਮਾਨ ਸਿੰਘ ਹਕੀਰ, ਗਿਆਨੀ ਮਾਸਟਰ ਕ੍ਰਿਸ਼ਨ ਲਾਲ, ਸ਼ਾਸਤਰੀ ਬਲਵੰਤ ਰਾਏ, ਮਾਸਟਰ ਜੀਤ ਰਾਮ ਸ਼ਰਮਾ, ਭੁਪਿੰਦਰ ਸਿੰਘ ਗਰੇਵਾਲ, ਮਾਸਟਰ ਅਮੀ ਚੰਦ, ਕਮਲਾ ਦੇਵੀ, ਦਿਆਲ ਕੌਰ ਸਮੇਤ ਕਈ ਅਧਿਆਪਕ ਤੇ ਸਰਕਾਰੀ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਰਹੇ ਹਨ। ਇਨ੍ਹਾਂ ਅਧਿਆਪਕਾਂ ਦਾ ਘਨੌਰ ਦੇ ਸਿੱਖਿਅਕ ਮਾਹੌਲ ਨੂੰ ਮਜ਼ਬੂਤ ਕਰਨ ’ਚ ਅਹਿਮ ਯੋਗਦਾਨ ਰਿਹਾ। ਉਸ ਸਮੇਂ ਇਹ ਥਾਂ ਗਿਆਨ, ਸਾਹਿਤ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਇਕ ਛੋਟਾ ਕੇਂਦਰ ਬਣੀ ਰਹੀ।
ਆਈਏਐੱਸ ਵਰਿੰਦਰ ਸ਼ਰਮਾ ਦਾ ਬਚਪਨ ਇਸੇ ਕਾਲੋਨੀ ’ਚ ਬੀਤਿਆ
ਮਾਸਟਰ ਕਾਲੋਨੀ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਪੱਖ ਆਈਏਐੱਸ ਅਧਿਕਾਰੀ ਵਰਿੰਦਰ ਸ਼ਰਮਾ ਨਾਲ ਵੀ ਜੁੜਿਆ ਹੋਇਆ ਹੈ। ਪੰਜਾਬੀ ਵਿਸ਼ੇ ਰਾਹੀਂ ਆਈਏਐੱਸ ਅਧਿਕਾਰੀ ਬਣਨ ਵਾਲੇ ਵਰਿੰਦਰ ਸ਼ਰਮਾ ਦੇ ਪਿਤਾ ਮਾਸਟਰ ਜੀਤ ਰਾਮ ਸ਼ਰਮਾ ਇਸੇ ਕਾਲੋਨੀ ਦੇ ਸਰਕਾਰੀ ਕੁਆਰਟਰ ’ਚ ਰਹਿੰਦੇ ਸਨ। ਵਰਿੰਦਰ ਸ਼ਰਮਾ ਦਾ ਬਚਪਨ ਵੀ ਇਨ੍ਹਾਂ ਹੀ ਕੁਆਰਟਰਾਂ ’ਚ ਬੀਤਿਆ ਹੈ। ਇਸ ਤਰ੍ਹਾਂ ਇਹ ਕਾਲੋਨੀ ਸਿੱਖਿਆ ਦੇ ਨਾਲ-ਨਾਲ ਇਲਾਕੇ ਦੀਆਂ ਪ੍ਰਤਿਭਾਵਾਂ ਦੀਆਂ ਯਾਦਾਂ ਨਾਲ ਵੀ ਜੁੜੀ ਹੋਈ ਹੈ।
1993 ਦੇ ਹੜ੍ਹਾਂ ਨੇ ਬਦਲੀ ਕਾਲੋਨੀ ਦੀ ਤਸਵੀਰ
ਮਾਸਟਰ ਕਾਲੋਨੀ ਦੇ ਇਤਿਹਾਸ ’ਚ 1993 ਦੇ ਹੜ੍ਹਾਂ ਨੂੰ ਇਕ ਵੱਡੇ ਮੋੜ ਵਜੋਂ ਯਾਦ ਕੀਤਾ ਜਾਂਦਾ ਹੈ। ਨਰਵਾਣਾ ਬ੍ਰਾਂਚ ਨਹਿਰ ਦੇ ਨੇੜੇ ਹੋਣ ਕਾਰਨ ਹੜ੍ਹਾਂ ਦਾ ਪਾਣੀ ਕਾਲੋਨੀ ਤੱਕ ਪਹੁੰਚ ਗਿਆ ਸੀ। ਇਸ ਕਾਰਨ ਇੱਥੇ ਰਹਿੰਦੇ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਕੁਆਰਟਰਾਂ ਤੇ ਘਰੇਲੂ ਸਾਮਾਨ ਨੂੰ ਨੁਕਸਾਨ ਪੁੱਜਿਆ। ਸਥਾਨਕ ਲੋਕਾਂ ਮੁਤਾਬਕ ਹੜ੍ਹਾਂ ਤੋਂ ਬਾਅਦ ਕਾਲੋਨੀ ਦੀ ਮੁਰੰਮਤ ਤੇ ਸਾਂਭ-ਸੰਭਾਲ ਵੱਲ ਲਗਾਤਾਰ ਧਿਆਨ ਨਾ ਦਿੱਤੇ ਜਾਣ ਕਾਰਨ ਇਸ ਦੀ ਹਾਲਤ ਹੌਲੀ-ਹੌਲੀ ਵਿਗੜਦੀ ਗਈ। ਜਿਹੜੀ ਥਾਂ ਕਦੇ ਸਰਕਾਰੀ ਮੁਲਾਜ਼ਮਾਂ ਤੇ ਅਧਿਆਪਕਾਂ ਦੇ ਪਰਿਵਾਰਾਂ ਨਾਲ ਗੁਲਜ਼ਾਰ ਰਹਿੰਦੀ ਸੀ, ਅੱਜ ਉੱਥੇ ਕਈ ਕੁਆਰਟਰਾਂ ’ਚ ਖਾਮੋਸ਼ੀ ਪਸਰੀ ਹੋਈ ਹੈ।
ਸਰਕਾਰ ਨੂੰ ਆਮਦਨ, ਮੁਲਾਜ਼ਮਾਂ ਨੂੰ ਰਿਹਾਇਸ਼
ਲੋਕਾਂ ਦਾ ਸੁਝਾਅ ਹੈ ਕਿ ਮਾਸਟਰ ਕਾਲੋਨੀ ਦਾ ਤਕਨੀਕੀ ਸਰਵੇਖਣ ਕਰਵਾ ਕੇ ਇਹ ਪਤਾ ਲਗਾਇਆ ਜਾਵੇ ਕਿ ਕਿਹੜੇ ਕੁਆਰਟਰਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਨੂੰ ਮੁੜ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਮੁਰੰਮਤ ਤੋਂ ਬਾਅਦ ਇਨ੍ਹਾਂ ਕੁਆਰਟਰਾਂ ਨੂੰ ਨਿਯਮਾਂ ਅਨੁਸਾਰ ਸਰਕਾਰੀ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਕਿਰਾਏ ’ਤੇ ਦਿੱਤਾ ਜਾ ਸਕਦਾ ਹੈ। ਇਸ ਨਾਲ ਇਕ ਪਾਸੇ ਮੁਲਾਜ਼ਮਾਂ ਨੂੰ ਵਾਜਬ ਦਰਾਂ ’ਤੇ ਰਿਹਾਇਸ਼ ਮਿਲੇਗੀ, ਉੱਥੇ ਦੂਜੇ ਪਾਸੇ ਸਰਕਾਰ ਨੂੰ ਰੈਗੂਲਰ ਕਿਰਾਏ ਦੇ ਰੂਪ ’ਚ ਆਮਦਨ ਵੀ ਪ੍ਰਾਪਤ ਹੋ ਸਕਦੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਇਤਿਹਾਸਕ ਸਰਕਾਰੀ ਜਾਇਦਾਦ ਨੂੰ ਖੰਡਰ ਬਣਨ ਤੋਂ ਬਚਾਉਣ ਲਈ ਇਸ ਦੇ ਮੁੜ ਵਿਕਾਸ ਵੱਲ ਧਿਆਨ ਦਿੱਤਾ ਜਾਵੇ।