ਘਨੌਰ ਬੱਸ ਅੱਡੇ ’ਤੇ ਸਵਾਰੀਆਂ ਖੱਜਲ-ਖੁਆਰ, ਸਰਕਾਰੀ ਬੱਸਾਂ ਰੈਲੀ ’ਚ ਭੇਜੇ ਜਾਣ ਦਾ ਦੋਸ਼
ਘਨੌਰ ਬੱਸ ਅੱਡੇ ‘ਤੇ ਸਵਾਰੀਆਂ ਖੱਜਲ-ਖੁਆਰ, ਸਰਕਾਰੀ ਬੱਸਾਂ ਰੈਲੀ ਵਿੱਚ ਭੇਜੇ ਜਾਣ ਦਾ ਦੋਸ਼
Publish Date: Sat, 28 Mar 2026 05:02 PM (IST)
Updated Date: Sat, 28 Mar 2026 05:02 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਘਨੌਰ : ਹਲਕਾ ਘਨੌਰ ਦੇ ਬੱਸ ਅੱਡੇ ’ਤੇ ਉਸ ਵੇਲੇ ਸਵਾਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਕਈ ਸਰਕਾਰੀ ਬੱਸਾਂ ਰੈਲੀ ਲਈ ਭੇਜੇ ਜਾਣ ਕਾਰਨ ਰੁਟੀਨ ਸੇਵਾ ਪ੍ਰਭਾਵਿਤ ਹੋ ਗਈ। ਬੱਸ ਅੱਡੇ ’ਤੇ ਪਹੁੰਚੇ ਪੱਤਰਕਾਰ ਵੱਲੋਂ ਜਦੋਂ ਸਵਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਘਨੌਰ ਤੋਂ ਪਟਿਆਲਾ ਜਾਣ ਵਾਲੀਆਂ ਪੰਜ ਬੱਸਾਂ ਅਤੇ ਘਨੌਰ ਤੋਂ ਅੰਬਾਲਾ ਜਾਣ ਵਾਲੀਆਂ ਚਾਰ ਬੱਸਾਂ ਰੈਲੀ ਵਿੱਚ ਭੇਜ ਦਿੱਤੀਆਂ ਗਈਆਂ ਹਨ। ਇਸ ਕਾਰਨ ਬੱਸ ਅੱਡੇ ’ਤੇ ਖੜ੍ਹੀਆਂ ਸਵਾਰੀਆਂ ਨੂੰ ਕਾਫ਼ੀ ਸਮੇਂ ਤੱਕ ਉਡੀਕ ਕਰਨੀ ਪਈ ਅਤੇ ਉਹ ਖੱਜਲ-ਖੁਆਰ ਹੁੰਦੀਆਂ ਨਜ਼ਰ ਆਈਆਂ। ਸਵਾਰੀਆਂ ਨੇ ਦੱਸਿਆ ਕਿ ਬੱਸਾਂ ਦੀ ਘਾਟ ਕਾਰਨ ਵਿਦਿਆਰਥੀਆਂ, ਦਫ਼ਤਰ ਜਾਣ ਵਾਲਿਆਂ ਅਤੇ ਹੋਰ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪਿਆ। ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਦੇ ਹਲਕਾ ਘਨੌਰ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਕਹਿੰਦੇ ਸਨ ਕਿ ਸਿਆਸੀ ਲੋਕ ਸਰਕਾਰੀ ਬੱਸਾਂ ਨੂੰ ਰੈਲੀਆਂ ਵਿੱਚ ਵਰਤ ਕੇ ਦੁਰਵਰਤੋਂ ਕਰਦੇ ਹਨ, ਪਰ ਹੁਣ ਉਨ੍ਹਾਂ ਦੀ ਆਪਣੀ ਸਰਕਾਰ ਵੱਲੋਂ ਹੀ ਸਰਕਾਰੀ ਬੱਸਾਂ ਨੂੰ ਰਾਜਨੀਤਿਕ ਰੈਲੀਆਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਪ੍ਰੋਗਰਾਮਾਂ ਦੇ ਨਾਮ ’ਤੇ ਸਰਕਾਰ ਵੱਲੋਂ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਦਕਿ ਅਸਲ ਵਿੱਚ ਇਹ ਬੱਸਾਂ ਸਿਆਸੀ ਰੈਲੀਆਂ ਵਿੱਚ ਲੋਕਾਂ ਨੂੰ ਲਿਜਾਣ ਲਈ ਵਰਤੀਆਂ ਜਾ ਰਹੀਆਂ ਹਨ। ਸਰਬਜੀਤ ਸਿੰਘ ਝਿੰਜਰ ਨੇ ਇਹ ਵੀ ਦੋਸ਼ ਲਾਇਆ ਕਿ ਫਤਿਹਗੜ੍ਹ ਸਾਹਿਬ ਵਿਖੇ ਹੋਈ ਪੋਲੀਟੀਕਲ ਰੈਲੀ ਦੌਰਾਨ ਮਾਪਿਆਂ ਦੀ ਮਿਲਣੀ ਦੇ ਨਾਮ ’ਤੇ ਸਿੱਖਿਆ ਕ੍ਰਾਂਤੀ ਦਾ ਜਨਾਜਾ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ ਵੱਲੋਂ ਇੱਕ ਪੱਤਰ ਜਾਰੀ ਕਰ ਕੇ ਸਕੂਲਾਂ ਨੂੰ ਸਵੇਰੇ 10 ਵਜੇ ਤੱਕ ਨਤੀਜੇ ਜਾਰੀ ਕਰਨ ਅਤੇ ਮੀਟਿੰਗਾਂ ਵੀ ਉਸੇ ਸਮੇਂ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਤਾਂ ਜੋ ਵੱਧ ਤੋਂ ਵੱਧ ਲੋਕ ਰੈਲੀ ਵਿੱਚ ਸ਼ਾਮਲ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਕਦਮ ਆਮ ਆਦਮੀ ਪਾਰਟੀ ਵੱਲੋਂ ਦੱਸੇ ਜਾ ਰਹੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਮਾਮਲੇ ’ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਬੱਸਾਂ ਨੂੰ ਇਸ ਤਰ੍ਹਾਂ ਰੈਲੀਆਂ ਵਿੱਚ ਭੇਜਿਆ ਜਾਂਦਾ ਰਿਹਾ ਤਾਂ ਆਮ ਯਾਤਰੀਆਂ ਨੂੰ ਭਵਿੱਖ ਵਿੱਚ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।