
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਘੱਗਰ ਦਾ ਕਹਿਰ ਮੁੜ ਮੰਡਰਾਇਆ: ਘਨੌਰ ਵਾਸੀਆਂ ’ਤੇ 2023 ਤੇ 2025 ਵਰਗੇ ਹੜ੍ਹਾਂ ਦਾ ਖ਼ਤਰਾ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਇਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗਾ ਹੈ। ਘੱਗਰ ਦੇ ਵਧ ਰਹੇ ਪਾਣੀ ਕਾਰਨ ਘਨੌਰ ਇਲਾਕੇ ਦੇ ਲੋਕਾਂ ਨੂੰ 2023 ਅਤੇ 2025 ਵਿਚ ਆਏ ਹੜ੍ਹਾਂ ਦੀਆਂ ਯਾਦਾਂ ਸਤਾਉਣ ਲੱਗੀਆਂ ਹਨ। ਦਰਿਆ ਦਾ ਪਾਣੀ ਵਧਣ ਕਾਰਨ ਕਈ ਪਿੰਡਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਸ਼ਮਸਪੁਰ ’ਚੋਂ ਲੰਘਦੇ ਘੱਗਰ ਦੇ ਓਵਰਫਲੋਅ ਹੋਣ ਕਾਰਨ ਊਂਟਸਰ-ਲੋਹਸਿੰਬਲੀ ਸੜਕ ’ਤੇ ਕਰੀਬ ਸਾਢੇ ਤਿੰਨ ਫੁੱਟ ਪਾਣੀ ਭਰ ਗਿਆ। ਤੇਜ਼ ਵਹਾਅ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਕੂਲੀ ਬੱਚਿਆਂ ਨੂੰ ਵੀ ਸਕੂਲ ਜਾਣ ਵਿਚ ਮੁਸ਼ਕਲਾਂ ਆਈਆਂ। ਇਲਾਕੇ ਦੇ ਕਈ ਲੋਕ ਰੋਜ਼ਾਨਾ ਕੰਮਕਾਜ ਲਈ ਅੰਬਾਲਾ ’ਤੇ ਨਿਰਭਰ ਹਨ, ਜਿਨ੍ਹਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਉਧਰ ਸਰਾਲਾ ਹੈਡ ਨੇੜੇ ਘੱਗਰ ਵਿਚ ਪਾਣੀ ਦਾ ਪੱਧਰ ਕਰੀਬ 13 ਫੁੱਟ ਤੱਕ ਪੁੱਜਣ ਦੀ ਜਾਣਕਾਰੀ ਹੈ। ਪਿੰਡ ਵਾਸੀਆਂ ਨੇ ਖਦਸ਼ਾ ਜਤਾਇਆ ਕਿ ਜੇ ਪਹਾੜੀ ਇਲਾਕਿਆਂ ਵਿਚ ਬਾਰਿਸ਼ ਜਾਰੀ ਰਹੀ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਇਸ ਨਾਲ ਘੱਗਰ ਨੇੜਲੇ ਖੇਤਰਾਂ ਵਿਚ ਖੜ੍ਹੀ ਝੋਨੇ ਦੀ ਫ਼ਸਲ ਨੂੰ ਵੀ ਨੁਕਸਾਨ ਦਾ ਖਤਰਾ ਬਣ ਗਿਆ ਹੈ। ਪਿੰਡ ਵਾਸੀ ਜਸਵਿੰਦਰ ਸਿੰਘ, ਤਰਲੋਚਨ ਸਿੰਘ, ਰਣਜੀਤ ਸਿੰਘ ਅਤੇ ਦਲਵਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਪੁਲੀ ਬਣਾਉਣ ਦੀ ਮੰਗ ਕੀਤੀ ਗਈ ਹੈ, ਪਰ ਸਥਾਈ ਹੱਲ ਨਹੀਂ ਹੋਇਆ। ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਸੇਵਕ ਸਿੰਘ ਅੰਟਾਲ ਨੇ ਵੀ ਸਰਕਾਰ ਤੋਂ ਘੱਗਰ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਚਾਅ ਲਈ ਪੁਲੀ, ਬੰਨ੍ਹਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਰਾਹਤ ਅਤੇ ਬਚਾਅ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।