- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਂਟਸਰ ਪਿੰਡ ਨੇੜੇ ਘੱਗਰ ਹੋਇਆ ਓਵਰ ਫਲੋ, ਖੇਤਾਂ ’ਚ ਭਰਨ ਲੱਗਾ ਪਾਣੀ

ਫੋਟੋ 10ਪੀਟੀਐੱਲ-41 ਤੇ 42
- ਘੱਗਰ ਦਾ ਵਧਦਾ ਜਲ ਪੱਧਰ ਬਣਿਆ ਖ਼ਤਰੇ ਦੀ ਘੰਟੀ
- 2023 ਤੇ 2025 ਦੇ ਹੜ੍ਹਾਂ ਦੀ ਤਬਾਹੀ ਅਜੇ ਵੀ ਤਾਜ਼ਾ
ਕਰਮਵੀਰ ਸਿੰਘ ਮਰਦਾਂਪੁਰ•, ਪੰਜਾਬੀ ਜਾਗਰਣ
•ਘਨੌਰ : ਚੰਡੀਗੜ੍ਹ ਨਾਲ ਲੱਗਦੇ ਪਹਾੜੀ ਖੇਤਰਾਂ ’ਚ ਪਈ ਭਰਵੀਂ ਬਰਸਾਤ ਕਾਰਨ ਘੱਗਰ ਦਰਿਆ ਦਾ ਪਾਣੀ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਨਾਲ ਹਲਕਾ ਘਨੌਰ ’ਚ ਘੱਗਰ ਓਵਰ ਫਲੋ ਹੋ ਗਿਆ ਹੈ ਤੇ ਹਲਕੇ ਦੇ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ। ਹਲਕਾ ਘਨੌਰ ਦੇ ਪਿੰਡ ਉਂਟਸਰ ਨੇੜੇ ਘੱਗਰ ਦਾ ਪਾਣੀ ਓਵਰ ਫਲੋ ਹੋ ਕੇ ਖੇਤਾਂ ’ਚ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਹਲਕਾ ਘਨੌਰ ਦੇ ਪਿੰਡ ਕਾਮੀ ਖੁਰਦ ਤੇ ਉਂਟਸਰ ਦੇ ਵਸਨੀਕਾਂ ’ਚ ਹੜ੍ਹ ਦਾ ਡਰ ਪੈਦਾ ਹੋ ਗਿਆ ਹੈ। ਪਿਛਲੇ ਸਾਲਾਂ ਦੌਰਾਨ 2023 ਤੇ 2025 ’ਚ ਆਏ ਹੜ੍ਹਾਂ ਕਾਰਨ ਹੋਏ ਭਾਰੀ ਜਾਨੀ ਤੇ ਮਾਲੀ ਨੁਕਸਾਨ ਨੂੰ ਯਾਦ ਕਰਦਿਆਂ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਤੁਰੰਤ ਹੜ੍ਹ ਰੋਕੂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਪਿੰਡ ਉਂਟਸਰ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਨੇ ਕਿਹਾ ਕਿ ਜੇਕਰ ਸਮੇਂ ਸਿਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਤੇ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਨਾ ਕੀਤੇ ਗਏ ਤਾਂ ਇਲਾਕੇ ਵਿੱਚ ਮੁੜ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ।
ਘਨੌਰ ਦੇ ਪਿੰਡਾਂ 'ਚ ਹੜ੍ਹ ਦਾ ਖੌਫ਼, ਪ੍ਰਸ਼ਾਸਨ 'ਤੇ ਅਣਗਹਿਲੀ ਦੇ ਦੋਸ਼
ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ, ਚਰਨਜੀਤ ਸਿੰਘ ਲਾਛੜੂ, ਗੁਰਦੀਪ ਸਿੰਘ ਸਰਾਲਾ, ਸਾਬਕਾ ਸਰਪੰਚ ਸਤਨਾਮ ਸਿੰਘ ਜੰਡਮੰਘੋਲੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜਸਮੇਰ ਸਿੰਘ ਲਾਛੜੂ ਨੇ ਦੋਸ਼ ਲਗਾਇਆ ਕਿ ਹੜ੍ਹ ਰੋਕੂ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲੋੜੀਂਦੀ ਗੰਭੀਰਤਾ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਤੇ ਪੱਚੀਦਰੇ ਦੀ ਸਫ਼ਾਈ ਲਈ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਤੇ ਮੌਖਿਕ ਤੌਰ 'ਤੇ ਅਪੀਲ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋਈ। ਆਗੂਆਂ ਨੇ ਕਿਹਾ ਕਿ ਘੱਗਰ ਦਰਿਆ ਤੇ ਪੱਚੀਦਰੇ ’ਚ ਆਦਮ ਕੱਦ ਦੇ ਝਾੜ-ਫੂਸ ਅਤੇ ਜੰਗਲੀ ਬੂਟੇ ਖੜ੍ਹੇ ਹਨ, ਜਿਸ ਕਾਰਨ ਪਾਣੀ ਦੇ ਵਹਾਅ ’ਚ ਰੁਕਾਵਟ ਪੈ ਰਹੀ ਹੈ ਅਤੇ ਹੜ੍ਹਾਂ ਦਾ ਖ਼ਤਰਾ ਹੋਰ ਵੱਧ ਗਿਆ ਹੈ। ਇਸ ਤੋਂ ਇਲਾਵਾ, ਪਿਛਲੇ ਹੜ੍ਹਾਂ ਦੌਰਾਨ ਪਏ ਪਾੜਾਂ ਨੂੰ ਵੀ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਪੱਕੇ ਤੌਰ 'ਤੇ ਨਹੀਂ ਭਰਿਆ ਗਿਆ, ਜਿਸ ਕਾਰਨ ਲੋਕਾਂ ’ਚ ਚਿੰਤਾ ਹੋਰ ਡੂੰਘੀ ਹੋ ਗਈ ਹੈ। ਪਿੰਡ ਜੰਡਮੰਘੋਲੀ ਦੇ ਵਸਨੀਕ ਕਰਮਜੀਤ ਸਿੰਘ ਜੰਡਮੰਘੋਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਸਾਲ ਹੜ੍ਹਾਂ ਤੋਂ ਪਹਿਲਾਂ ਘੱਗਰ ਦੇ ਕੰਢੇ ਉਚੇ ਤੇ ਪੱਕੇ ਕਰਨੇ ਯਕੀਨੀ ਬਣਾਏ ਜਾਣ। ਪਿੰਡ ਦੜਵਾ ਦੇ ਸਰਪੰਚ ਸਤਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਘੱਗਰ ਨੱਕੋ-ਨੱਕ ਭਰ ਕੇ ਚਲ ਰਿਹਾ ਹੈ।
ਨਹੀਂ ਹੋ ਸਕਿਆ ਐੱਸਡੀਓ ਗੁਲਾਟੀ ਨਾਲ ਸੰਪਰਕ
ਇਸ ਸਬੰਧੀ ਜਦੋਂ ਜਲ ਸਰੋਤ ਵਿਭਾਗ ਦੇ ਐੱਸਡੀਓ ਹਰਦੀਪ ਸਿੰਘ ਗੁਲਾਟੀ ਨਾਲ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋ ਸਕਦੇ ਨੇ ਗੰਭੀਰ
ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘੱਗਰ ਦਰਿਆ ਦੇ ਕਮਜ਼ੋਰ ਬੰਨ੍ਹਾਂ ਦੀ ਤੁਰੰਤ ਮੁਰੰਮਤ, ਪੱਚੀਦਰੇ ਤੇ ਨਾਲਿਆਂ ਦੀ ਸਫ਼ਾਈ ਅਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਪਹਿਲਾਂ ਹੀ ਮਸ਼ੀਨਰੀ ਤੇ ਰਾਹਤ ਟੀਮਾਂ ਤਾਇਨਾਤ ਕੀਤੀਆਂ ਜਾਣ, ਤਾਂ ਜੋ ਕਿਸੇ ਵੀ ਸੰਭਾਵੀ ਹੜ੍ਹ ਦੀ ਸਥਿਤੀ ਤੋਂ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ।