- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਏਜੰਸੀ ਵਰਕਰ ਯੂਨੀਅਨ ਇਫਟੂ ਵੱਲੋਂ ਧਰਨਾ ਜਾਰੀ

ਪੱਤਰ ਪ੍ਰੇਰਕ,• ਪੰਜਾਬੀ ਜਾਗਰਣ,• ਪਟਿਆਲਾ : ਗੈਸ ਏਜੰਸੀ ਵਰਕਰ ਯੂਨੀਅਨ ਇਫਟੂ ਜ਼ਿਲ੍ਹਾ ਪਟਿਆਲਾ ਵੱਲੋਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਤੱਕ ਸੁਰਿੰਦਰ ਗੈਸ ਸਰਵਿਸ ਦੇ ਖ਼ਿਲਾਫ਼ ਸੰਘਰਸ਼ ਜਾਰੀ ਰਿਹਾ। ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲੱਖੋਮਾਜਰਾ ਨੇ ਕਿਹਾ ਕਿ ਸੁਰਿੰਦਰਾ ਗੈਸ ਸਰਵਿਸ ਦੇ ਮਾਲਕ ਵੱਲੋਂ ਏਜੰਸੀ ਵਿਚ 20 ਸਾਲਾਂ ਤੋਂ ਕੰਮ ਕਰ ਰਹ ਵਰਕਰਾਂ ਨੂੰ ਪਿਛਲੇ 10 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਜਦੋਂ ਸੁਰਿੰਦਰਾ ਗੈਸ ਸਰਵਿਸ ਦੇ ਵਰਕਰਾਂ ਨੇ ਇਕੱਠੇ ਹੋ ਕੇ ਤਨਖਾਹ ਦੀ ਮੰਗ ਕੀਤੀ ਤਾਂ ਮਾਲਕ ਵੱਲੋਂ ਵਰਕਰਾਂ ਨੂੰ ਧੱਕੇ ਨਾਲ ਬਿਨਾਂ ਕੋਈ ਨੋਟਿਸ ਦਿੱਤੇ ਕੰਮ ਤੋਂ ਕੱਢ ਦਿੱਤਾ ਗਿਆ, ਜਿਸ ਦੇ ਮੱਦੇਨਜ਼ਰ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ 29 ਸਤੰਬਰ ਤੋਂ ਲਗਾਤਾਰ ਜਥੇਬੰਦੀ ਦੇ ਝੰਡੇ ਹੇਠ ਵੱਖ-ਵੱਖ ਗੈਸ ਏਜੰਸੀਆਂ ਤੋਂ ਵਰਕਰ ਇਕੱਠੇ ਹੋ ਕੇ ਰੋਸ ਪ੍ਰਦਰਸਨ ਕਰ ਰਹੇ ਹਨ। ਜਨਰਲ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਕੱਢੇ ਗਏ ਵਰਕਰਾਂ ਦੀ ਤਨਖਾਹ ਨਾ ਦਿੱਤੀ ਗਈ ਅਤੇ ਨੌਕਰੀ ਉੱਤੇ ਜਲਦੀ ਤੋਂ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਜਥੇਬੰਦੀ ਹੋਰ ਜਨਤਕ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸਦੀ ਸਾਰੀ ਜਿੰਮੇਵਾਰੀ ਗੈਸ ਸਰਵਿਸ ਦੇ ਮਾਲਕ ਦੀ ਹੋਵੇਗੀ। ਇਸ ਮੌਕੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਸੁਨਿਆਰਹੇੜੀ, ਅਵਤਾਰ ਸਿੰਘ ਵਿੱਤ ਸਕੱਤਰ, ਪ੍ਰਧਾਨ ਸਤਿਗੁਰ ਸਿੰਘ ਨਾਭਾ, ਰਘਬੀਰ ਸਿੰਘ ਨਾਭਾ, ਜਰਨੈਲ ਸਿੰਘ, ਕੇਸਰ ਸਿੰਘ, ਜਸਵਿੰਦਰ ਸਿੰਘ ਜੱਸੀ, ਜਸਬੀਰ ਸਿੰਘ, ਧੀਰਜ ਕੁਮਾਰ, ਮਨਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।