- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਬੀ ਇੰਟਰਨੈਸ਼ਨਲ ਦੀ ਵਿਦਿਆਰਥਣਾਂ ਨੇ ਬਾਸਕਟਬਾਲ ਮੁਕਾਬਲੇ ਵਿੱਚ ਮਾਰੀ ਬਾਜ਼ੀ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਸਥਿਤ ਜੀਬੀ ਇੰਟਰਨੈਸ਼ਨਲ ਸਕੂਲ ਦੀਆਂ ਦੋ ਪ੍ਰਤਿਭਾਸ਼ਾਲੀ ਬਾਸਕਿਟਬਾਲ ਖਿਡਾਰਨਾਂ ਨੇ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੇ ਮਾਰਗਦਰਸ਼ਨ ਹੇਠ ਗੁਰੂ ਨਾਨਕ ਦੇਵ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਗਏ ‘ਖੇਡਾਂ ਵਤਨ ਪੰਜਾਬ ਦੀਆਂ–2026’ ਰਾਜ ਪੱਧਰੀ ਮੁਕਾਬਲਿਆਂ ’ਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਦੱਸਣਯੋਗ ਹੈ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਵਨਿਕਾ ਸ਼ਰਮਾ ਤੇ ਨੌਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਨੇ ਪਟਿਆਲਾ ਜ਼ਿਲ੍ਹੇ ਦੀ ਟੀਮ ਵੱਲੋਂ ਭਾਗ ਲਿਆ। ਵਨਿਕਾ ਸ਼ਰਮਾ ਨੇ ਅੰਡਰ-14 ਵਰਗ ਦੇ ਬਾਸਕਟਬਾਲ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ 10,000 ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਹੀ, ਹਰਲੀਨ ਕੌਰ ਨੇ ਅੰਡਰ-17 ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ ਤੇ 7,000 ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ। ਦੋਵਾਂ ਖਿਡਾਰਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਮੁੱਚੇ ਜੀਬੀ ਪਰਿਵਾਰ ’ਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ। ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਨੇ ਕਿਹਾ ਕਿ ਸਾਡੀਆਂ ਜੇਤੂ ਖਿਡਾਰਨਾਂ ਦੀ ਸਫਲਤਾ ਇਹ ਸਾਬਤ ਕਰਦੀ ਹੈ ਕਿ ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਇੰਦਰਜੀਤਪਾਲ ਕੌਰ ਗਰੇਵਾਲ ਨੇ ਜੇਤੂ ਖਿਡਾਰਨਾਂ ਨੂੰ ਦਿਲੋਂ ਵਧਾਈ ਦਿੱਤੀ।