ਨਰਾਤਿਆਂ ਦੌਰਾਨ ਸ਼੍ਰੀ ਕਾਲੀ ਮਾਤਾ ਮੰਦਰ ’ਚ ਗੈਸ ਦੀ ਕਿੱਲਤ
ਨਰਾਤਿਆਂ ਦੌਰਾਨ ਸ਼੍ਰੀ ਕਾਲੀ ਮਾਤਾ ਮੰਦਰ ’ਚ ਗੈਸ ਦੀ ਕਿੱਲਤ
Publish Date: Wed, 25 Mar 2026 06:58 PM (IST)
Updated Date: Wed, 25 Mar 2026 07:02 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਖਾੜੀ ਦੇਸ਼ਾ ਦੇ ਯੁੱਧ ਕਾਰਨ ਘਟੀ ਐਲਪੀਜੀ ਗੈਸ ਦੀ ਸਪਲਾਈ ਦਾ ਅਸਰ ਦਿਨੋਂ ਦਿਨ ਵੱਧਣ ਲੱਗਾ ਹੈ। ਜਿਥੇ ਆਮ ਲੋਕ ਗੈਸ ਸਿਲੰਡਰ ਲੈਣ ਲਈ ਘੰਟਿਆਬੱਧੀ ਲੰਬੀਆਂ ਲਾਈਨਾਂ ’ਚ ਲੱਗਣ ਲਈ ਮਜਬੂਰ ਹਨ ਉਥੇ ਹੀ ਪਟਿਆਲਾ ਸਥਿਤ ਉੱਤਰ ਭਾਰਤ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਗੈਸ ਸਿਲੰਡਰਾਂ ਦੀ ਘਾਟ ਕਾਰਨ ਲੰਗਰ ਪ੍ਰਬੰਧਕ ਪਰੇਸ਼ਾਨ ਹਨ। ਚੇਤ ਦੇ ਚੱਲ ਰਹੇ ਨਰਾਤਿਆਂ ਦੌਰਾਨ ਮੰਦਰ ’ਚ ਨਤਮਸਤਕ ਹੋਣ ਲਈ ਪਹੁੰਚਣ ਵਾਲੀ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਲਈ ਬਣਨ ਵਾਲੇ ਲੰਗਰ ਲਈ ਗੈਸ ਸਿਲੰਡਰਾਂ ਘਾਟ ਕਾਰਨ ਲੰਗਰ ਬਣਾਉਣ ’ਚ ਭਾਰੀ ਪਰੇਸ਼ਾਨੀਆਂ ਦੇ ਨਾਲ ਨਾਲ ਡੀਜ਼ਲ ਭੱਠੀਆਂ ਦਾ ਸਹਾਰਾ ਲੈਣ ਨਾਲ ਖਰਚ ਜਿਆਦਾ ਹੋਣ ਕਾਰਨ ਵਿੱਤੀ ਬੋਝ ਵੀ ਵਧ ਗਿਆ ਹੈ। ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਪਟਿਆਲਾ ਜੋ ਕਿ ਧਰਮ ਅਰਥ ਬੋਰਡ ਦੇ ਚੇਅਰਮੈਨ ਹਨ, ਨੂੰ ਵੀ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਲੰਗਰ ਕਮੇਟੀ ਨੂੰ ਗੈਸ ਸਿਲੰਡਰ ਉਪਲਬਧ ਨਾ ਹੋਣ ’ਤੇ ਤਿੰਨ ਸਿਲੰਡਰ ਇਧਰੋ-ਉਧਰੋ ਲੈ ਕੇ ਬੁੱਤਾ ਸਾਰਨਾ ਪਿਆ ਹੈ। ਨੁਮਾਇੰਦਿਆਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਐਲਪੀਜੀ ਸਿਲੰਡਰਾਂ ਦੀ ਸਪਲਾਈ ਠੱਪ ਹੈ ਤੇ ਮੰਗਲਵਾਰ ਨੂੰ ਜੋ ਤਿੰਨ ਸਿਲੰਡਰ ਮਿਲੇ ਸਨ, ਇਹ ਮੌਜੂਦਾ ਜ਼ਰੂਰਤਾਂ ਅਨੁਸਾਰ ਨਾਕਾਫ਼ੀ ਹਨ। ਜਾਣਕਾਰੀ ਅਨੁਸਾਰ ਨਰਾਤਿਆਂ ਦੇ ਕਈ ਦਿਨ ਬੀਤ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਡੀਜ਼ਲ ਭੱਠੀਆਂ ਤੇ ਲਗਾਤਾਰ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਡੀਜ਼ਲ ਦੀ ਵੱਧਦੀ ਕੀਮਤ ਨੇ ਟਰੱਸਟ ਤੇ ਵਾਧੂ ਵਿੱਤੀ ਬੋਝ ਪਾਇਆ ਹੈ। ਜਦੋਂ ਕਿ ਗੈਸ ਭੱਠੀ ਤੇ ਲੰਗਰ ਤਿਆਰ ਕਰਨਾ ਸਸਤਾ ਹੈ ਪਰ ਡੀਜ਼ਲ ਭੱਠੀ ਤੇ ਲਾਗਤ ਲਗਭਗ ਦੁੱਗਣੀ ਹੈ। ਇਸ ਸਬੰਧੀ ਲੰਗਰ ਟਰੱਸਟੀਆਂ ਭੁਵਨੇਸ਼ਵਰੀ ਨੰਦ ਗਿਰੀ, ਅਸ਼ੋਕ ਕੁਮਾਰ, ਸੁਰਿੰਦਰ ਗੋਇਲ, ਪ੍ਰਿਤਪਾਲ, ਮਨੋਜ ਸ਼ਰਮਾ ਅਤੇ ਸੁਧੀਰ ਬੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਸ ਸਿਲੰਡਰ ਦੀ ਕਿੱਲਤ ਸਬੰਧੀ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਵੀਰਵਾਰ ਨੂੰ ਅਸ਼ਟਮੀ ਮੌਕੇ ਸੰਗਤ ਦੀ ਗਿਣਤੀ ਹੋਰ ਵਧਣ ਨਾਲ ਵਿਆਪਕ ਪੱਧਰ ’ਤੇ ਲੰਗਰ ਤਿਆਰ ਕਰਨ ਲਈ ਪ੍ਰਬੰਧ ਕਰਨੇ ਪੈਣਗੇ ਹਨ, ਜਿਸ ਸਬੰਧੀ ਸਿਲੰਡਰ ਨਾ ਮਿਲਣ ’ਤੇ ਸਿਲੰਡਰ ਲੈਣ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਵਪਾਰਕ ਐਲਪੀਜੀ ਸਿਲੰਡਰ ਮੁਹੱਈਆ ਕਰਵਾਏ ਜਾਣ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਲੰਗਰ ਲਈ ਗੈਸ ਸਿਲੰਡਰ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਬਾਰੇ ਡੀਐਫਐਸਸੀ ਪਟਿਆਲਾ ਡਾ. ਰਵਿੰਦਰ ਕੌਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਲੰਗਰ ਲਈ ਸਿਲੰਡਰਾਂ ਦਾ ਪ੍ਰਬੰਧ ਕਰਵਾਉਣਗੇ। -ਰੋਟੀਆਂ ਬਣਾਉਣ ਵਾਲੀ ਮਸ਼ੀਨ ਬੰਦ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਲੰਗਰ ਲਈ ਰੋਟੀਆਂ ਤਿਆਰ ਕਰਨ ਲਈ ਇਕ ਰੋਟੀਆਂ ਬਣਾਉਣ ਵਾਲੀ ਮਸ਼ੀਨ ਲਗਾਈ ਗਈ ਹੈ, ਜੋ ਕਿ ਗੈਸ ਸਿਲੰਡਰ ਦੀ ਵਰਤੋਂ ਨਾਲ ਚੱਲਦੀ ਹੈ। ਮੌਜੂਦਾ ਸਮੇਂ ਵਿਚ ਸਿਲੰਡਰ ਦੀ ਘਾਟ ਕਾਰਨ ਰੋਟੀਆਂ ਬਣਾਉਣ ਵਾਲੀ ਮਸ਼ੀਨ ਨੂੰ ਬੰਦ ਕਰਨਾ ਪਿਆ ਹੈ ਅਤੇ ਇਸਦੀ ਬਜਾਏ ਸ਼ਰਧਾਲੂਆਂ ਲਈ ਪੂਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। -ਸਤਵੇਂ ਨਰਾਤੇ ਤਕ ਮੰਦਿਰ ਚ ਕਰੀਬ 4 ਲੱਖ ਸ਼ਰਧਾਲੂਆਂ ਵੱਲੋਂ ਦਰਸ਼ਨ ਫੋਟੋ 25ਪੀਟੀਐੱਲ- 43 ਚੇਤ ਦੇ ਨਰਾਤਿਆਂ ਦੌਰਾਨ ਇਤਿਹਾਸਕ ਤੇ ਪੁਰਾਤਨ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਲਗਾਤਾਰ ਵੱਡੀ ਗਿਣਤੀ ਵਿਚ ਸ਼ਰਧਾਲੂ ਪੁੱਜ ਰਹੇ ਹਨ। ਇਸ ਸਬੰਧੀ ਮੰਦਰ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਸਤਵੇਂ ਨਰਾਤੇ ਤੱਕ ਕਰੀਬ ਚਾਰ ਲੱਖ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਹਨ। ਬੁੱਧਵਾਰ ਨੂੰ ਸਤਵੇਂ ਨਰਾਤੇ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਮੰਦਿਰ ਵਿਖੇ ਪੁੱਜੇ ਤੇ ਸ਼ਰਧਾ ਨਾਲ ਨਤਮਸਤਕ ਹੋਏ। ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਆਪਣੇ ਪਰਿਵਾਰ ਸਮੇਤ ਮੰਦਿਰ ਪੁੱਜੇ ਸ਼ਰਧਾਲੂਆਂ ਨੇ ਕਿਹਾ ਕਿ ਸੇਵਾਦਾਰ ਤੇ ਸੁਰੱਖਿਆ ਮੁਲਾਜ਼ਮ ਸ਼ਰਧਾਲੂਆਂ ਨੂੰ ਪੂਰਾ ਗਾਇਡ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਹੋਣ ਕਰਕੇ ਕਈ ਵਿਅਕਤੀ ਚੱਲ ਨਹੀਂ ਸਕਦੇ ਤੇ ਉਨ੍ਹਾਂ ਲਈ ਸੇਵਾਦਾਰਾਂ ਨੇ ਤੁਰੰਤ ਵੀਲ੍ਹਚੇਅਰ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਮਾਤਾ ਦੇ ਦਰਸ਼ਨ ਕਰਵਾਏ। --ਮੰਦਰ ’ਚ ਸ਼ਰਧਾਲੂਆਂ ਲਈ ਕੀਤੇ ਵਿਸ਼ੇਸ਼ ਪ੍ਰਬੰਧ ਇਸੇ ਦੌਰਾਨ ਸਲਾਹਕਾਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ ਚ ਸ਼ਰਧਾਲੂਆਂ ਵੱਲੋਂ ਦਰਸ਼ਨ ਕਰਨ ਲਈ ਲਾਇਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹ ਚੇਅਰ, 2 ਹੈਲਪ ਡੈਸਕ, ਸਾਫ਼-ਸਫ਼ਾਈ, ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ, ਮੈਡੀਕਲ ਟੀਮ, ਲੋੜਵੰਦ ਸ਼ਰਧਾਲੂਆਂ ਲਈ ਵੀਲ੍ਹਚੇਅਰ ਦੇ ਵੀ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ ਮੰਦਿਰ ਚ ਸੇਵਾਦਾਰ ਤੋਂ ਬਿਨ੍ਹਾਂ ਮੰਦਿਰ ਦੀ ਬਾਹਰੀ ਸੁਰੱਖਿਆ ਲਈ ਪਟਿਆਲਾ ਪੁਲਿਸ ਤੇ ਸੀ.ਆਰ.ਪੀ.ਐਫ਼ ਦੇ ਜਵਾਨ ਵੀ ਤਾਇਨਾਤ ਹਨ। - ਗੈਸ ਸਿਲੰਡਰ ਲੈਣ ਲਈ ਆਪਸ ’ਚ ਭਿੜੇ ਅਕਾਲੀ ਤੇ ਕਾਂਗਰਸੀ ਫੋਟੋ 25ਪੀਟੀਐੱਲ- 44 ਗੈਸ ਦੀ ਕਿੱਲਤ ਕਾਰਨ ਹਾਲਾਤ ਹੁਣ ਅਜਿਹੇ ਹੋਣ ਲੱਗੇ ਹਨ ਕਿ ਗੈਸ ਸਿਲੰਡਰ ਲੈਣ ਲਈ ਸਿਆਸੀ ਆਗੂ ਵੀ ਮੈਦਾਨ ’ਚ ਉਤਰ ਆਏ ਹਨ ਤੇ ਇੱਕ ਦੂਜੇ ਨਾਲ ਹੱਥੋ ਪਾਈ ਤੇ ਬਹਿੰਸ ਤੱਕ ਦੀ ਨੌਬਤ ਆਉਣ ਲੱਗੀ ਹੈ। ਗੈਸ ਸਿਲੰਡਰ ਲੈਣ ਲਈ ਅਜਿਹਾ ਹੀ ਮਾਮਲਾ ਸਨੌਰ ਕਬਸਾ ਸਥਿਤ ਗੈਸ ਏਜੰਸੀ ਦੇ ਬਾਹਰ ਦੇਖਣ ਨੂੰ ਮਿਲਿਆ, ਜਿਥੇ ਕਾਂਗਰਸ਼ੀ ਆਗੂ ਤੇ ਗੈਸ ਏਜੰਸੀ ਦੇ ਮਾਲਕ ਅਕਾਲੀ ਆਗੂ ਵਿਚਾਰ ਜਮ ਕੇ ਬਹਿਸਬਾਜ਼ੀ ਹੋਈ ਤੇ ਉਨ੍ਹਾਂ ਦੇ ਸਮਰਥਕ ਆਪਸ ’ਚ ਧੱਕਾ ਮੁੱਕੀ ਵੀ ਹੋਏ, ਜਿਸ ਸਬੰਧੀ ਇੰਟਰਨੈਟ ਮੀਡੀਆ ’ਤੇ ਵੀ ਵੀਡਿਓ ਵਾਈਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਕਸਬਾ ਸਨੌਰ ’ਚ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀ ਦੇ ਬਾਹਰ ਵੱਡੀ ਗਿਣਤੀ ’ਚ ਲੋਕ ਪਹੁੰਚੇ ਹੋਏ ਸਨ ਤੇ ਗੈਸ ਸਿਲੰਡਰ ਵੰਡਣ ਨੂੰ ਲੈ ਕੇ ਤਕਰਾਰਬਾਜੀ ਹੋਈ ਤੇ ਖਾਸ ਵਿਅਕਤੀਆਂ ਨੂੰ ਸਿਲੰਡਰ ਦੇਣ ਦੇ ਇਲਜ਼ਾਮ ਲੱਗੇ। ਇਸ ਦੌਰਾਨ ਹਲਕਾ ਸਨੌਰ ਤੋਂ ਕਾਂਗਰਸ਼ੀ ਆਗੂ ਗੌਰਵ ਸੰਧੂ ਗੈਸ ਏਜੰਸੀ ਪਹੁੰਚੇ , ਜਿਸ ਦੌਰਾਨ ਏਜੰਸੀ ਦਾ ਬਾਹਰ ਖੜ੍ਹੀ ਭੀੜ ਵਿਚੋਂ ਇਕ ਵਿਅਕਤੀ ਵੱਲੋਂ ਕੁਝ ਵਿਅਕਤੀਆਂ ਨੂੰ ਧੱਕੇ ਮਾਰਨ ਤੇ ਕਾਂਗਰਸ਼ੀ ਆਗੂ ਉੜਕ ਉਠਿਆ ਤੇ ਉਕਤ ਵਿਅਕਤੀ ਨੂੰ ਧੱਕਾ ਮਾਰਦਿਆ ਪਿੱਛੇ ਕੀਤਾ, ਜਿਸ ਦੌਰਾਨ ਉਸਦੀ ਗੈਸ ਏਜੰਸ਼ੀ ਮਾਲਕ (ਅਕਾਲੀ ਆਗੂ) ਕਬੀਰ ਦਾਸ ਨਾਲ ਵੀ ਬਹਿਸਬਾਜ਼ੀ ਹੋਈ। ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ ਗਈ।