- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਏਜੰਸੀ ਵਰਕਰਾਂ ਨੂੰ ਧਰਨੇ ਦੌਰਾਨ ਪੁਲਿਸ ਨੇ ਹਿਰਾਸਤ ’ਚ ਲਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਗੈਸ ਏਜੰਸੀ ਵਰਕਰ ਯੂਨੀਅਨ (ਈਫਟੂ) ਦੇ ਆਗੂਆਂ ਤੇ ਵਰਕਰਾਂ ਨੂੰ ਤ੍ਰਿਪੜੀ ਪੁਲਿਸ ਵੱਲੋਂ ਸੁਰਿੰਦਰਾ ਗੈਸ ਸਰਵਿਸ ਦੇ ਸਟੋਰ ਵਿਖੇ ਲਗਾਏ ਧਰਨੇ ਦੌਰਾਨ ਹਿਰਾਸਤ ਵਿਚ ਲੈ ਲਿਆ ਗਿਆ। ਇਸ ਕਾਰਵਾਈ ਦਾ ਪਤਾ ਲੱਗਣ ’ਤੇ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਥਾਣੇ ਪਹੁੰਚੇ ਤੇ ਗ੍ਰਿਫ਼ਤਾਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਇਆ। ਯੂਨੀਅਨ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਪੰਜਾਬ ਆਗੂ ਸ੍ਰੀਨਾਥ ਪਟਿਆਲਾ, ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਸੁਨਿਆਰਹੇੜੀ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲੱਖੋਮਾਜਰਾ, ਏਜੰਸੀ ਪ੍ਰਧਾਨ ਸ਼ਾਮ ਧਰ ਮਿਸ਼ਰਾ ਤੇ ਹੋਰ ਵਰਕਰ ਸੁਰਿੰਦਰਾ ਗੈਸ ਸਰਵਿਸ ਦੇ ਸਟੋਰ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਸਨ। ਇਸ ਦੌਰਾਨ ਤ੍ਰਿਪੜੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਜਥੇਬੰਦੀ ਵੱਲੋਂ ਲਗਾਇਆ ਟੈਂਟ ਵੀ ਪੁੱਟਵਾ ਦਿੱਤਾ। ਇਸ ਕਾਰਵਾਈ ਦੀ ਜਾਣਕਾਰੀ ਮਿਲਣ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੁਨੀਆ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪੰਜਾਬ ਪ੍ਰਧਾਨ ਵਿਕਰਮਦੇਵ ਤੇ ਡੀਐੱਮਐੱਫਓ ਦੇ ਪ੍ਰਧਾਨ ਗੁਰਜੀਤ ਸਿੰਘ ਘੱਗਾ ਸਮੇਤ ਹੋਰ ਆਗੂ ਥਾਣੇ ਪਹੁੰਚੇ। ਜਥੇਬੰਦੀ ਅਨੁਸਾਰ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ 17 ਨਵੰਬਰ ਨੂੰ ਗੈਸ ਏਜੰਸੀ ਦਾ ਮਾਲਕ ਸਹਾਇਕ ਕਿਰਤ ਭਲਾਈ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋ ਕੇ ਕੱਢੇ ਗਏ ਵਰਕਰਾਂ ਨੂੰ ਮੁੜ ਡਿਊਟੀ ’ਤੇ ਰੱਖਣ, ਬਕਾਇਆ ਤਨਖ਼ਾਹਾਂ ਜਾਰੀ ਕਰਨ ਅਤੇ ਹੋਰ ਮੰਗਾਂ ਦੇ ਹੱਲ ਬਾਰੇ ਕਾਰਵਾਈ ਕਰੇਗਾ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਦਾ ਹੱਲ ਨਾ ਹੋਣ ’ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।