ਵਿਸ਼ਵ ਦਿਲ ਦਿਵਸ ਮੌਕੇ ਮੁਫ਼ਤ ਦਿਲ ਜਾਂਚ ਕੈਂਪ ਲਾਇਆ ਵਿਸ਼ਵ ਦਿਲ ਦਿਵਸ ਮੌਕੇ ਮੁਫ਼ਤ ਦਿਲ ਜਾਂਚ ਕੈਂਪ ਲਾਇਆ
Publish Date: Wed, 30 Sep 2026 03:41 PM (IST)
Updated Date: Thu, 01 Oct 2026 04:01 AM (IST)
ਦਿਲ ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਅਤੇ ਸਮੇਂ ਸਿਰ ਜਾਂਚ ਜ਼ਰੂਰੀ ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਮਰਗੜ੍ਹ : ਵਿਸ਼ਵ ਦਿਲ ਦਿਵਸ ਮੌਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਅਤੇ ਸਮੇਂ ਸਿਰ ਜਾਂਚ ਰਾਹੀਂ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਅਹਿਮਦਗੜ੍ਹ ਵੱਲੋਂ ਧਵਨ ਹਸਪਤਾਲ, ਰੇਲਵੇ ਰੋਡ, ਅਹਿਮਦਗੜ੍ਹ ਵਿਖੇ ਮੁਫ਼ਤ ਦਿਲ ਜਾਂਚ ਕੈਂਪ ਲਾਇਆ ਗਿਆ। ਕੈਂਪ ਦੌਰਾਨ ਲਗਭਗ 65 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮਾਹਿਰ ਡਾਕਟਰੀ ਸਲਾਹ ਦਿੱਤੀ ਗਈ। ਕੈਂਪ ਵਿੱਚ ਡਾ. ਪੁਨੀਤ ਧਵਨ, ਐੱਮਬੀਬੀਐੱਸ, ਐੱਮਡੀ ਵੱਲੋਂ ਮਰੀਜ਼ਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀਆਂ ਦਿਲ ਸਬੰਧੀ ਸਮੱਸਿਆਵਾਂ ਬਾਰੇ ਜਾਣਕਾਰੀ ਲੈ ਕੇ ਲੋੜੀਂਦੀ ਸਲਾਹ ਦਿੱਤੀ ਗਈ। ਕੈਂਪ ਦੌਰਾਨ ਮਰੀਜ਼ਾਂ ਦੀ ਲੋੜ ਅਨੁਸਾਰ ਈਸੀਜੀ, ਖੂਨ ਦੇ ਟੈਸਟ ਅਤੇ ਹੋਰ ਜ਼ਰੂਰੀ ਜਾਂਚਾਂ ਮੁਫ਼ਤ ਕੀਤੀਆਂ ਗਈਆਂ। ਇਸ ਮੌਕੇ ਡਾ. ਪੁਨੀਤ ਧਵਨ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਛਾਤੀ ਵਿੱਚ ਦਰਦ ਜਾਂ ਭਾਰ, ਸਾਹ ਲੈਣ ਵਿੱਚ ਤਕਲੀਫ਼, ਅਸਧਾਰਨ ਥਕਾਵਟ ਜਾਂ ਹੋਰ ਚਿੰਤਾਜਨਕ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਅਹਿਮਦਗੜ੍ਹ ਵਾਸੀਆਂ ਨੂੰ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਤਣਾਅ ’ਤੇ ਕਾਬੂ ਅਤੇ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ। ਰੋਟਰੀ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਰੋਟੇਰੀਅਨ ਕਰਨ ਕਰੀਰ ਨੇ ਕਿਹਾ ਕਿ ਕਲੱਬ ਵੱਲੋਂ ਲੋਕ-ਭਲਾਈ ਅਤੇ ਸਿਹਤ ਸੇਵਾਵਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦਿਲ ਦਿਵਸ ਮੌਕੇ ਇਹ ਕੈਂਪ ਲਗਾਉਣ ਦਾ ਮੰਤਵ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ ਮੁਫ਼ਤ ਜਾਂਚ ਅਤੇ ਮਾਹਿਰ ਡਾਕਟਰੀ ਸਲਾਹ ਪ੍ਰਦਾਨ ਕਰਨਾ ਸੀ। ਕਲੱਬ ਦੇ ਪੈਟਰਨ ਪ੍ਰੋਫੈਸਰ ਐੱਸਪੀ ਸੋਫ਼ਤ ਨੇ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਡਾ. ਪੁਨੀਤ ਧਵਨ ਅਤੇ ਧਵਨ ਹਸਪਤਾਲ ਦੀ ਟੀਮ ਦਾ ਕੈਂਪ ਵਿੱਚ ਸਹਿਯੋਗ ਦੇਣ ਅਤੇ ਮਰੀਜ਼ਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਰੋਟਰੀ ਕਲੱਬ ਅਹਿਮਦਗੜ੍ਹ ਵੱਲੋਂ ਡਾ. ਪੁਨੀਤ ਧਵਨ ਦਾ ਸਮਾਜ ਅਤੇ ਮਨੁੱਖਤਾ ਦੀ ਸੇਵਾ ਵਿੱਚ ਪਾਏ ਯੋਗਦਾਨ ਲਈ ਸਨਮਾਨ ਸਹਿਤ ਧੰਨਵਾਦ ਕੀਤਾ ਗਿਆ।