- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਪੁਰਬ ਮੌਕੇ ਹੀਰਾ ਕਲੋਨੀ 'ਚ ਲੱਗਾ ਮੁਫ਼ਤ ਅੱਖਾਂ ਦੀ ਜਾਂਚ ਤੇ ਮੈਡੀਕਲ ਕੈਂਪ

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਚੜ੍ਹਦੀ ਕਲਾ ਸੇਵਾ ਦਲ ਫਾਊਂਡੇਸ਼ਨ ਅਤੇ ਗ੍ਰਾਮ ਪੰਚਾਇਤ ਹੀਰਾ ਕਾਲੋਨੀ ਬਹਾਦਰਗੜ੍ਹ ਦੇ ਸਾਂਝੇ ਉਪਰਾਲੇ ਸਦਕਾ ਗੁਰਦੁਆਰਾ ਸਿੰਘ ਸਭਾ ਹੀਰਾ ਕਾਲੋਨੀ ਬਹਾਦਰਗੜ੍ਹ ਵਿਖੇ ਅੱਖਾਂ ਦੀ ਜਾਂਚ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੈਂਕੜੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਹੋਰ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ। ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਅੱਖਾਂ ਦੇ ਮੋਤੀਆਬਿੰਦ ਤੋਂ ਪੀੜਤ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਚੜ੍ਹਦੀ ਕਲਾ ਸੇਵਾ ਦਲ ਫਾਊਂਡੇਸ਼ਨ ਦੇ ਪ੍ਰਧਾਨ ਗੁਰਪਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਵਿਕਰਾਂਤ ਸ਼ਰਮਾ, ਖ਼ਜ਼ਾਨਚੀ ਦਿਨੇਸ਼ ਕੁਮਾਰ, ਮੈਂਬਰ ਗੁਰਜਿੰਦਰ ਸਿੰਘ ਅਤੇ ਇੰਦਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਗ੍ਰਾਮ ਪੰਚਾਇਤ ਹੀਰਾ ਕਲੋਨੀ ਦੀ ਸਰਪੰਚ ਸਿਮਰਨਪ੍ਰੀਤ ਕੌਰ ਸੰਧੂ, ਸਮੂਹ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਹਾਦਰ ਸਿੰਘ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਮਨੁੱਖਤਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਦੇ ਮਹਾਨ ਉਪਦੇਸ਼ ਤਹਿਤ ਇਹ ਕੈਂਪ ਲਗਾਇਆ ਗਿਆ ਹੈ। ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ। ਅਖੀਰ ਵਿਚ ਪ੍ਰਬੰਧਕਾਂ ਵੱਲੋਂ ਡਾਕਟਰਾਂ ਦੀ ਟੀਮ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਪੰਚਾਇਤ ਮੈਂਬਰਾਂ, ਫਾਊਂਡੇਸ਼ਨ ਮੈਂਬਰਾਂ, ਸੇਵਾਦਾਰਾਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।