
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਨਖਾਹਾਂ ਨਾ ਮਿਲਣ ਤੇ ਭੜਕੇ ਜੰਗਲਾਤ ਕਾਮਿਆ ਨੇ ਕੀਤਾ ਰੋਸ ਮਾਰਚ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸੌਜਾ, ਸੇਰ ਸਿੰਘ ਸਰਹਿੰਦ, ਜਗਤਾਰ ਸਿੰਘ ਸਾਹਪੁਰ, ਭੁਪਿੰਦਰ ਸਿੰਘ ਸਾਧੋਹੇੜੀ ਤੇ ਜੋਗਾ ਸਿੰਘ ਵਜੀਦਪੁਰ ਦੀ ਪ੍ਰਧਾਨਗੀ ਹੇਠ ਡੀਐਫਓ ਪਟਿਆਲਾ ਦੇ ਦਫ਼ਤਰ ਅੱਗੇ ਵਿਸਾਲ ਰੋਸ ਧਰਨਾ ਦਿੱਤਾ। ਅੱਜ ਸਵੇਰ ਤੋਂ ਹੀ ਭਾਰੀ ਬਾਰਿਸ਼ ਤੇ ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ’ਚ ਜੰਗਲਾਤ ਕਾਮੇ ਆਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸ਼ੋ ਖਰੋਸ਼ ਨਾਲ ਨਾਅਰੇ ਮਾਰਦੇ ਹੋਏ ਧਰਨੇ ਵਿਚ ਪੁੱਜੇ। ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸਨ ਦੇ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਖਾਨਪੁਰ, ਜਸਵੀਰ ਸਿੰਘ ਖੋਖਰ, ਧਰਮਪਾਲ ਸਿੰਘ ਲੌਟ ਤੇ ਰਾਜਪਾਲ ਸਿੰਘ ਲਸੋਈ ਨੇ ਆਖਿਆ ਕਿ ਪੰਜਾਬ ਸਰਕਾਰ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਵਿਚ 30/30 ਸਾਲਾਂ ਤੋ ਕੰਮ ਕਰਦੇ ਕਾਮਿਆਂ ਨੂੰ ਪੱਕਿਆ ਤਾਂ ਕੀ ਕਰਨਾ ਸੀ ਸਗੋਂ ਜੰਗਲਾਤ ਕਾਮਿਆ ਦੀਆਂ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਜੰਗਲਾਤ ਕਾਮਿਆਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸਾਢੇ 4 ਸਾਲ ’ਚ ਇਕ ਵੀ ਜੰਗਲਾਤ ਕਾਮਾ ਪੱਕਾ ਨਹੀ ਕੀਤਾ। ਜੰਗਲਾਤ ਕਾਮਿਆਂ ਨੇ ਵਣ ਮੰਡਲ ਅਫਸਰ ਪਟਿਆਲਾ ਦੇ ਦਫ਼ਤਰ ਅੱਗੇ ਰੋਸ ਧਰਨਾ ਦੇਣ ਉਪਰੰਤ ਪਟਿਆਲਾ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ’ਚ ਲਾਲ ਝੰਡਿਆਂ ਨਾਲ ਰੋਸ ਮਾਰਚ ਕੱਢਿਆ। ਜੰਗਲਾਤ ਵਰਕਰ ਯੂਨੀਅਨ ਦੇ ਆਗੂ ਨਰੇਸ ਕੁਮਾਰ ਬੋਸਰ, ਪ੍ਰਗਟ ਸਿੰਘ ਰਾਮਗੜ, ਅਮਰਜੀਤ ਲਾਛੜੂ, ਰਣਬੀਰ ਮੂਲੇਪੁਰ, ਗੋਗੀ ਨਾਭਾ ਤੇ ਦਵਿੰਦਰ ਚੌਧੀਮਾਜਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਜੰਗਲਾਤ ਤੇ ਜੰਗਲੀ ਜੀਵ ’ਚ ਲੰਮੇ ਸਮੇਂ ਤੋਂ ਕੰਮ ਕਰਦੇ ਅਨਪੜ੍ਹ ਕਾਮਿਆਂ ਤੇ ਲਗਾਤਾਰ 10 ਸਾਲ ਦੀ ਸਰਵਿਸ ਦੀ ਸ਼ਰਤ ਖਤਮ ਕਰਕੇ ਕੱਚੇ ਕਾਮੇ ਪੱਕੇ ਨਾ ਕੀਤੇ, ਪਿਛਲੇ ਪੰਜ ਮਹੀਨੀਆਂ ਤੋਂ ਰਹਿੰਦੀਆਂ ਤਨਖਾਹਾਂ ਨਾ ਦਿੱਤੀਆਂ, ਸਾਲ 2026 ਤੱਕ ਦੀ ਸੀਨੀਅਰਤਾ ਸੂਚੀ ਨਾ ਬਣਾਈ ਅਤੇ ਮੰਗ ਪੱਤਰ ’ਚ ਦਰਜ ਹੋਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੀ 18 ਅਗਸਤ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕਾ ਦਿੜਬਾ ’ਚ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਪੱਕਾ ਮੋਰਚਾ ਲਾਇਆ ਜਾਵੇਗਾ। ਧਰਨੇ ’ਚ ਹੋਰਨਾਂ ਤੋਂ ਇਲਾਵਾ ਗੁਰਮੇਲ ਬੰਮਣਾ, ਭਿੰਦਰ ਘੱਗਾ, ਕਸਮੀਰ ਸਿੰਘ, ਸਮਸੇਰ ਅਸਮਾਨਪੁਰ, ਸਦੀਕ ਖਾਨ, ਜਗਪਾਲ ਸਿੰਘ, ਬਲਕਾਰ ਸਿੰਘ ਮੱਲੇਵਾਲ, ਪ੍ਰਦੀਪ ਕੁਮਾਰ, ਦਲੇਰ ਸਿੰਘ ਬੋਸਰ, ਸਤਨਾਮ ਸਿੰਘ ਸੌਜਾ, ਗੁਰਜੀਤ ਸਿੰਘ ਪਟਿਆਲਾ,ਕਰਮਾ ਸਿੰਘ ਕਾਠਮੱਠੀ ਜੀਤ ਖਾਨ,ਰਾਮ ਸਿੰਘ ਲੋਪੇ,ਪ੍ਰਵੀਨ ਕੁਮਾਰ ਬੋਸਰ,ਹਲੀਮ ਖਾਨ,ਜਰਨੈਲ ਸਿੰਘ ਹੱਲੋਤਾਲੀ ਆਦਿ ਹਾਜ਼ਰ ਸਨ।