ਸਾਬਕਾ ਖਜ਼ਾਨਾ ਮੰਤਰੀ ਨੇ ਲੋਕਾਂ ਨਾਲ ਨਗਰ ਕੌਂਸਲ ਦਫ਼ਤਰ ਅੱਗੇ ਲਾਇਆ ਧਰਨਾ
ਸਾਬਕਾ ਖਜ਼ਾਨਾ ਮੰਤਰੀ ਨੇ ਲੋਕਾਂ ਨਾਲ ਨਗਰ ਕੌਂਸਲ ਦਫ਼ਤਰ ਅੱਗੇ ਲਾਇਆ ਧਰਨਾ
Publish Date: Tue, 17 Feb 2026 06:00 PM (IST)
Updated Date: Wed, 18 Feb 2026 04:09 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਹਿਰ ਦੇ ਕੁਝ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋਣ ਕਰਕੇ ਹਾਹਾਕਾਰ ਮੱਚੀ ਹੋਈ ਹੈ। ਇਸ ਮਸਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਹਰ ਰੋਜ਼ ਇਸ ਮਸਲੇ ਨੂੰ ਗੰਭੀਰਤਾ ਨਾਲ ਚੁੱਕ ਰਹੇ ਹਨ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਨਗਰ ਕੌਂਸਲ ਦਫਤਰ ਅੱਗੇ ਸੰਕੇਤਕ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, ਕਿ ਗੰਧਲੇ ਪਾਣੀ ਦੀ ਸਪਲਾਈ ਨਾਲ ਸ਼ਹਿਰ ਅੰਦਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਨਹੀਂ ਹੋਇਆ, ਬਲਕਿ ਘਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨੂੰ ਤਰਸਣਾ ਪਵੇ, ਸ਼ਹਿਰ ਅੰਦਰ ਫੈਲ ਰਹੀਆਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਘਰਾਂ ਵਿਚ ਸਪਲਾਈ ਹੋ ਰਿਹਾ ਗੰਦਾ ਪਾਣੀ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਗੰਦਲਾ ਪਾਣੀ ਆਉਣ ਕਾਰਨ ਛੋਟੇ-ਛੋਟੇ ਬੱਚੇ, ਬਜ਼ੁਰਗਾਂ ਨੂੰ ਬਿਮਾਰੀਆਂ ਨਾਲ ਜੂਝਨਾ ਪੈ ਰਿਹਾ ਹੈ।ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੱਲ ਨਾਂ ਹੋਇਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਭਾਜਪਾ ਦੇ ਸੀਨੀਅਰ ਆਗੂ ਕੇਵਲ ਕ੍ਰਿਸ਼ਨ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਰਾਜ ਕੁਮਾਰ ਗਰਗ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕੋਟੜਾ, ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ, ਕੌਂਸਲਰ ਕਿਰਪਾਲ ਸਿੰਘ ਨਾਥਾ, ਸਾਬਕਾ ਕੌਂਸਲਰ ਦਵਿੰਦਰ ਨੀਟੂ, ਸਾਬਕਾ ਕੌਂਸਲਰ ਨੀਟੂ ਸ਼ਰਮਾ, ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਗੁਰੀ ਚਹਿਲ, ਭਾਜਪਾ ਆਗੂ ਕੇਵਲ ਕ੍ਰਿਸ਼ਨ ਸਿੰਗਲਾ, ਸੱਤਪਾਲ ਪਾਲੀ, ਸੁਰੇਸ਼ ਕੁਮਾਰ ਪਾਲਾ, ਛੱਜੂ ਸਿੰਘ ਧਾਲੀਵਾਲ, ਰਿੰਕੂ ਖਰੋੜ, ਰਣਵੀਰ ਸਿੰਘ ਦੇਹਲਾ ਮੌਜੂਦ ਸਨ। ਛੇਤੀ ਹੋਵੇਗਾ ਸਮੱਸਿਆ ਦਾ ਹੱਲ : ਪ੍ਰਧਾਨ ਕਾਂਤਾ ਗੋਇਲ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਸ਼ਹਿਰ ਵਿਚ ਗੰਧਲੇ ਪਾਣੀ ਦੀ ਕੌਂਸਲ ਨੇ 95 ਫੀਸਦੀ ਮਸਲਾ ਹੱਲ ਕਰ ਲਿਆ ਹੈ।ਨਗਰ ਕੌਂਸਲ ਲਹਿਰਾਗਾਗਾ ਇਸ ਮਸਲੇ ਨੂੰ ਲੈ ਕੇ ਪੂਰੀ ਗੰਭੀਰ ਹੈ, ਸ਼ਹਿਰ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਧਰਨਾ ਲਗਾਉਣਾ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਗੰਧਲੇ ਪਾਣੀ ਦੀ ਸਪਲਾਈ ਲਈ ਪਰਮਿੰਦਰ ਢੀਂਡਸਾ ਖੁਦ ਜ਼ਿੰਮੇਵਾਰ ਹਨ ਕਿਉਂਕਿ ਇਨ੍ਹਾਂ ਦੀ ਹੀ ਸਰਕਾਰ ਸਮੇਂ ਪਾਣੀ ਵਾਲੀ ਸਪਲਾਈ ਉੱਪਰ ਦੀ ਸੀਵਰੇਜ ਦੀਆਂ ਪਾਈਪਾਂ ਪਾਉਣ ਕਾਰਨ ਹੀ ਇਹ ਸਮੱਸਿਆ ਖੜ੍ਹੀ ਹੋਈ ਹੈ।