ਫੂਸ ਘੁਟਾਲਾ ਮਾਮਲੇ ਹੱਲ ਨਾ ਹੋਇਆ ਤਾਂ ਵਿਜੀਲੈਂਸ ਕੋਲ ਜਾਵਾਂਗੇ: ਬਰਾੜ ਫੂਸ ਘੁਟਾਲਾ: ਮਾਮਲਾ ਹੱਲ ਨਾ ਹੋਇਆ ਤਾਂ ਵਿਜੀਲੈਂਸ ਕੋਲ ਜਾਵਾਂਗੇ: ਚਰਨਜੀਤ ਬਰਾੜ
Publish Date: Thu, 29 Oct 2026 05:48 PM (IST)
Updated Date: Thu, 29 Oct 2026 05:49 PM (IST)
ਐੱਚ. ਐਸ. ਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਰਾਜਪੁਰਾ ਅਨਾਜ ਮੰਡੀ ਵਿੱਚ ਫ਼ਸਲ ਦੀ ਰਹਿੰਦ-ਖੂੰਹਦ (ਫੂਸ) ਨੂੰ ਬਿਨਾਂ ਬੋਲੀ ਚੁਕਵਾਉਣ ਦਾ ਮਾਮਲਾ ਉਠਾਉਂਦਿਆਂ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਾਰਕੀਟ ਕਮੇਟੀ ਰਾਜਪੁਰਾ ਅਧੀਨ ਅਨਾਜ ਮੰਡੀ ਵਿੱਚ ਸਾਲ 2022 ਤੋਂ ਫੂਸ ਚੁਕਵਾਉਣ ਦਾ ਠੇਕਾ ਨਹੀਂ ਦਿੱਤਾ ਗਿਆ, ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਬਰਾੜ ਨੇ ਕਿਹਾ ਕਿ ਜੇਕਰ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਫੂਸ ਚੁਕਵਾਉਣ ਦੇ ਠੇਕੇ ਨਿਯਮਾਂ ਅਨੁਸਾਰ ਦਿੱਤੇ ਜਾਂਦੇ ਤਾਂ ਸਰਕਾਰ ਨੂੰ ਲਗਭਗ 400 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਾਜਪੁਰਾ ਮੰਡੀ ਵਿੱਚ ਕੁਝ ਲੋਕ ਆਪਣੇ ਪੱਧਰ ’ਤੇ ਫੂਸ ਚੁਕਵਾ ਕੇ ਲਾਭ ਲੈ ਰਹੇ ਹਨ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦੀਪਕ ਸੂਦ ਨੇ ਮਾਰਚ 2026 ਵਿੱਚ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਤੋਂ ਜਾਣੂ ਕਰਵਾਇਆ ਸੀ। ਬਰਾੜ ਨੇ ਨਵੇਂ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੂੰ ਵੀ ਮਾਮਲਾ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜੇਕਰ ਮਾਮਲੇ ਦਾ ਹੱਲ ਨਾ ਹੋਇਆ ਤਾਂ ਵਿਜੀਲੈਂਸ ਵਿਭਾਗ ਕੋਲ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ 17 ਅਕਤੂਬਰ 2026 ਨੂੰ ਵੀ ਜਾਂਚ ਸਬੰਧੀ ਪੱਤਰ ਲਿਖਿਆ ਗਿਆ ਸੀ। ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਦੇ ਵੱਲੋਂ ਵੀ ਫੁੂਸ ਘੁਟਾਲੇ ਦੇ ਮਾਮਲੇ ਸਬੰਧੀ ਧਰਨੇ ਮੁਜਾਹਰੇ ਵੀ ਕਰਨੇ ਪਏ ਤਾਂ ਉਹ ਵੀ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਕੌਂਸਲਰ ਦੀਪਕ ਬਾਂਸਲ, ਸ਼ਮਸ਼ੇਰ ਸਿੰਘ ਉਕਸੀ, ਜਸਵੀਰ ਸਿੰਘ ਕੋਟਲਾ, ਜਸਪਾਲ ਸਿੰਘ ਸਮੇਤ ਹੋਰ ਹਾਜ਼ਰ ਸਨ।