ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪਟਿਆਲਾ ਅਨਾਜ ਮੰਡੀ ਦਾ ਕੀਤਾ ਦੌਰਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪਟਿਆਲਾ ਅਨਾਜ ਮੰਡੀ ਦਾ ਕੀਤਾ ਦੌਰਾ
Publish Date: Tue, 06 Oct 2026 05:01 PM (IST)
Updated Date: Tue, 06 Oct 2026 05:05 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅਨਾਜ ਮੰਡੀ (ਸਰਹਿੰਦ ਰੋਡ) ਪਟਿਆਲਾ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ। ਇਸ ਮੌਕੇ ਖੁਰਾਕ ਮੰਤਰੀ ਕਟਾਰੂਚੱਕ ਨੇ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਝੋਨਾ ਵੇਚਣ ਆਏ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਕੈਬਨਿਟ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਸਭ ਤੋਂ ਪਹਿਲਾ ਤਰਜੀਹ ਕਿਸਾਨਾਂ ਨੂੰ ਸਮੇ ਸਿਰ ਮੰਡੀਆਂ ’ਚੋਂ ਵੇਹਲੇ ਕਰਨਾ ਹੈ ਤਾਂਕਿ ਕਿਸਾਨ ਆਪਣੀ ਅਗਲੀ ਫ਼ਸਲ ਦੀ ਤਿਆਰੀ ਕਰ ਸਕਣ,ਜਿਸ ਲਈ ਪਹਿਲਾਂ ਤੋਂ ਹੀ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਝੋਨੇ ਦੀ ਬੰਪਰ ਫਸਲ ਹੋਵੇਗੀ ਤੇ ਦਾਣੇ ਦੀ ਕੁਆਇਲਟੀ ਵੀ ਚੰਗੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਖ਼ੂਨ-ਪਸੀਨੇ ਨਾਲ ਉਗਾਈ ਫਸਲ ਦਾ ਇਕ ਇਕ ਦਾਣਾ ਖਰੀਦੇਗੀ, ਜਿਸਦੇ ਲਈ ਸਾਰੀਆਂ ਨੋਟੀਫਾਈ 1887 ਮੰਡੀਆਂ ਚ ਕਿਸਾਨਾਂ ਦੀ ਖਰੀਦੀ ਜਿਣਸ ਦਾ ਤੁਰੰਤ ਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਪੂਲ ’ਚ ਪੰਜਾਬ ਚੋਂ 180 ਮੀਟ੍ਰਿਕ ਟਨ ਚਾਵਲ ਦੇਣਾ ਹੈ ਤੇ ਹੁਣ ਤੱਕ 6.23 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ ਚ ਪੁੱਜਾ ਹੈ ਤੇ ਇਸ ਚੋਂ 5.70 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦੀ ਫ਼ਸਲ ਦੇ 781 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਚ ਪਾਏ ਜਾ ਚੁੱਕੇ ਹਨ। ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨਾ ਪੂਰਾ ਪੱਕਿਆ ਹੋਇਆ ਤੇ ਸੁਕਾ ਕੇ ਹੀ ਮੰਡੀਆਂ ’ਚ ਲਿਆਉਣ। ਕਈ ਖਰੀਦ ਕੇਂਦਰਾਂ ’ਚ ਪ੍ਰਬੰਧਾਂ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਉਹ ਖੁਦ ਇਸੇ ਲਈ ਮੰਡੀਆਂ ਦਾ ਦੌਰਾ ਕਰ ਰਹੇ ਹਨ ਤਾਂ ਕਿ ਘਾਟਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਝੋਨੇ ਦੀ ਆਮਦ ਰੋਕਣ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ, ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਸਿਰਸਵਾਲ, ਫੂਡ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਰੀਤ ਕੌਰ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਰਵਿੰਦਰ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਅਸਲਮ ਮੁਹੰਮਦ, ਮਾਰਕੀਟ ਕਮੇਟੀ ਸਕੱਤਰ ਜੌਨੀ ਗਰਗ, ਆੜਤੀਆ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ ਅਤੇ ਫ਼ਸਲ ਵੇਚਣ ਆਏ ਕਿਸਾਨ ਵੀ ਮੌਜੂਦ ਸਨ। - ਕੇਂਦਰ ਦੀ ਨਜ਼ਰ ਪੰਜਾਬ ਪ੍ਰਤੀ ਸਵੱਲੀ ਨਹੀਂ : ਕਟਾਰੂਚੱਕ ਸੈਲਰਾਂ ’ਚ ਸਪੇਸ ਦੀ ਸਮੱਸਿਆ ਸਬੰਧੀ ਸਵਾਲ ਦੇ ਜਵਾਬ ’ਚ ਲਾਲ ਚੰਦ ਕਟਾਰੂਚੱਕ ਨੇ ਆਖਿਆ ਕਿ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਨਜ਼ਰ ਹੀ ਸਵੱਲੀ ਨਹੀਂ ਹੈ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੜ ਕੇਂਦਰ ਸਰਕਾਰ ਨੂੰ ਲਿਖ ਕੇ ਪਿਛਲਾ ਚਾਵਲ ਚੁੱਕਣ ਲਈ ਕਿਹਾ ਗਿਆ ਹੈ। ਕਟਾਰੂਚੱਕ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਿੱਸਾ ਦਾ ਆਰਡੀਐਫ ਦਾ ਪੈਸਾ ਰੋਕਿਆ ਹੋਇਆ ਹੈ।