- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੰਦਗੀ ’ਚ ਬਣ ਰਿਹਾ ਸੀ ਪਤੀਸਾ-ਲਾਇਸੈਂਸ ਮੁਅੱਤਲ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਜਿਉਂ-ਜਿਉਂ ਤਿਉਹਾਰਾਂ ਦਾ ਸੀਜਨ ਨੇੜੇ ਆ ਰਿਹਾ ਹੈ, ਖੁਰਾਕ ਸੁਰੱਖਿਆ ਟੀਮ ਵੱਲੋਂ ਆਪਣੀ ਚੈਕਿੰਗ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਫੂਡ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਤੱਕ ਸੁਰੱਖਿਅਤ ਅਤੇ ਵਧੀਆ ਖੁਰਾਕੀ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣਾ ਅਤੇ ਘਟੀਆ, ਅਸੁਰੱਖਿਅਤ ਅਤੇ ਮਿਲਾਵਟੀ ਖੁਰਾਕੀ ਵਸਤਾਂ ਦੀ ਵਿਕਰੀ ਨੂੰ ਰੋਕਣਾ ਮੁੱਖ ਉਦੇਸ਼ ਹੈ। ਫੂਡ ਸੇਫਟੀ ਵਿਭਾਗ ਪਟਿਆਲਾ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ 21 ਅਕਤੂਬਰ ਨੂੰ ਚਲਾਈ ਚੈਕਿੰਗ ਮੁਹਿੰਮ ਦੌਰਾਨ, ਖੁਰਾਕ ਸੁਰੱਖਿਆ ਟੀਮ ਨੇ ਬਲਬੇੜਾ ਅਤੇ ਪਟਿਆਲਾ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵੱਖ-ਵੱਖ ਖੁਰਾਕੀ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਅਤੇ ਵੱਖ-ਵੱਖ ਵਿਕਰੇਤਾਵਾਂ ਤੋਂ ਲੈਬਾਰਟਰੀ ਜਾਂਚ ਲਈ ਖੁਰਾਕੀ ਪਦਾਰਥਾਂ ਦੇ ਪੰਜ ਨਮੂਨੇ ਲਏ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਨਿਯਮਿਤ ਨਿਰੀਖਣਾਂ, ਖੁਰਾਕੀ ਨਮੂਨੇ ਲੈਣ ਅਤੇ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006’ ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਢੁੱਕਵੀਂ ਕਾਰਵਾਈ ਕਰ ਕੇ ਜਨਤਕ ਸਿਹਤ ਦੀ ਰਾਖੀ ਕਰਨ ਲਈ ਵਚਨਬੱਧ ਹੈ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਖੁਰਾਕ ਕਾਰੋਬਾਰੀ ਸਹੀ ਸਫਾਈ ਅਤੇ ਸਵੱਛਤਾ ਬਣਾਈ ਰੱਖਣ, ਮਨਜ਼ੂਰਸ਼ੁਦਾ ਸਮੱਗਰੀ ਅਤੇ ਖੁਰਾਕੀ ਰੰਗਾਂ ਦੀ ਵਰਤੋਂ ਕਰਨ, ਖੁਰਾਕੀ ਉਤਪਾਦਾਂ ਦੇ ਸਰੋਤ ਦਾ ਰਿਕਾਰਡ ਰੱਖਣ ਅਤੇ ਖੁਰਾਕ ਸੁਰੱਖਿਆ ਸਬੰਧੀ ਸਾਰੀਆਂ ਲਾਗੂ ਲੋੜਾਂ ਦੀ ਪਾਲਣਾ ਕਰਨ।
- ਪਤੀਸਾ ਹਾਊਸ ਦਾ ਲਾਇਸੈਂਸ ਮੁਅੱਤਲ
ਜ਼ਿਲ੍ਹਾ ਫੂਡ ਸੇਫਟੀ ਅਫਸਰਡਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਟਿਆਲਾ ਦੇ ਤਾਜਪੁਰਾ ਸਥਿਤ ‘ਮਿੱਤਲ ਪਤੀਸਾ ਹਾਊਸ’ ਦੀ ਜਾਂਚ ਦੌਰਾਨ ਗੰਦਗੀ ਵਾਲੇ ਅਤੇ ਅਸਵੱਛ ਹਾਲਾਤ ਪਾਏ, ਜਿੱਥੇ ਪਤੀਸਾ ਅਤੇ ਫੈਣੀ ਤਿਆਰ ਕੀਤੀ ਜਾ ਰਹੀ ਸੀ। ਟੀਮ ਨੂੰ ਸ਼ੱਕ ਹੈ ਕਿ ‘ਬੇਸਨ’ ਤੋਂ ਬਣਿਆ ਦੱਸ ਕੇ ਵੇਚੇ ਜਾ ਰਹੇ ਪਤੀਸੇ ਵਿੱਚ ਮੁੱਖ ਸਮੱਗਰੀ ਵਜੋਂ ‘ਮੈਦੇ’ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਉਤਪਾਦ ਨੂੰ ਪੀਲਾ ਰੰਗ ਦੇਣ ਲਈ ਉਸ ਵਿੱਚ ‘ਨਿੰਬੂ-ਪੀਲੇ’ ਰੰਗ ਦੀ ਵਰਤੋਂ ਕੀਤੇ ਜਾਣ ਦਾ ਵੀ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ‘ਮਿੱਤਲ ਪਤੀਸਾ ਹਾਊਸ’ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਗਲੇ ਹੁਕਮਾਂ ਤੱਕ ਉੱਥੇ ਕੰਮਕਾਜ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਲਗਭਗ 75 ਕਿਲੋਗ੍ਰਾਮ ‘ਮਿਲਕ ਕੇਕ’ ਵੀ ਮਿਲਿਆ। ਖੁਰਾਕ ਕਾਰੋਬਾਰੀ ਨੇ ਦੱਸਿਆ ਕਿ ਇਹ ਮਿਲਕ ਕੇਕ ਕਿਸੇ ਹੋਰ ਵਿਕਰੇਤਾ ਤੋਂ ਖਰੀਦਿਆ ਗਿਆ ਸੀ, ਪਰ ਜਾਂਚ ਦੇ ਸਮੇਂ ਉਸ ਨੇ ਸਪਲਾਇਰ ਦੀ ਪਛਾਣ ਜਾਂ ਪਤਾ ਨਹੀਂ ਦੱਸਿਆ।
- ਦੋ ਮਹੀਨਿਆਂ ’ਚ 96 ਸੈਂਪਲ ਭਰੇ
ਉਨ੍ਹਾਂ ਸਤੰਬਰ ਤੋਂ 21 ਅਕਤੂਬਰ 2026 ਤੱਕ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਫੂਡ ਸੇਫਟੀ ਵਿਭਾਗ ਪਟਿਆਲਾ ਨੇ ਸਤੰਬਰ ਅਤੇ ਅਕਤੂਬਰ 2026 ਦੌਰਾਨ ਵਿਆਪਕ ਨਿਰੀਖਣ, ਨਮੂਨੇ ਲੈਣ ਅਤੇ ਕਾਨੂੰਨੀ ਕਾਰਵਾਈਆਂ ਕੀਤੀਆਂ ਹਨ। ਇਸ ਮਿਆਦ ਦੌਰਾਨ ਕੀਤੀ ਗਈ ਕਾਰਵਾਈ ‘ਚ ਕੁੱਲ 96 ਸੈਂਪਲ ਇਕੱਠੇ ਕੀਤੇ ਗਏ ਅਤੇ 18 ਕੁਇੰਟਲ ਪਨੀਰ ਜ਼ਬਤ ਕੀਤਾ ਗਿਆ, ਦੁੱਧ ਲਗਭਗ 1,800 ਲੀਟਰ, ਹੈਲਥ ਸਪਲੀਮੈਂਟਸ 21 ਵੱਖ-ਵੱਖ ਉਤਪਾਦ ਆਦਿ ਜਬਤ ਕੀਤੇ ਗਏ, ਜਿਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਖੁਰਾਕ ਕਾਰੋਬਾਰੀ ਦੇ 2 ਲਾਇਸੈਂਸ ਮੁਅੱਤਲ ਕੀਤੇ ਗਏ ਅਤੇ 2 ਚਾਲਾਨ ਜਾਰੀ ਕੀਤੇ ਗਏ।