- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੂੜੇ ਦੇ ਢੇਰਾਂ ਨੂੰ ਲੱਗੀ ਅੱਗ ਅਤੇ ਉੱਠਦਾ ਜ਼ਹਿਰੀਲਾ ਧੂੰਆਂ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ: ਪਰਮਜੀਤ ਕੈਂਥ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਇਤਿਹਾਸਕ ਸ਼ਹਿਰ ਨਾਭਾ ਦੇ ਦੁਲੱਦੀ ਗੇਟ ਨੇੜੇ ਸਥਿਤ ਨੇਚਰ ਪਾਰਕ ਦੇ ਆਲੇ-ਦੁਆਲੇ ਕੂੜੇ ਦੇ ਵੱਡੇ-ਵੱਡੇ ਢੇਰ ਤੇ ਉਨ੍ਹਾਂ ਨੂੰ ਲੱਗੀ ਅੱਗ ਕਾਰਨ ਫੈਲ ਰਿਹਾ ਧੂੰਆਂ ਲੋਕਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਮੀਤਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਨਗਰ ਕੌਂਸਲ ਨਾਭਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਨੇਚਰ ਪਾਰਕ ਦਾ ਦੌਰਾ ਕਰਨ ਉਪਰੰਤ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪਾਰਕ ਦਾ ਮਕਸਦ ਲੋਕਾਂ ਨੂੰ ਹਰਿਆਲੀ, ਸਾਫ਼-ਸੁਥਰਾ ਵਾਤਾਵਰਣ ਤੇ ਸਿਹਤਮੰਦ ਜੀਵਨ ਪ੍ਰਦਾਨ ਕਰਨਾ ਹੈ, ਪਰ ਇੱਥੇ ਕੂੜੇ ਦੇ ਢੇਰ ਅਤੇ ਉਨ੍ਹਾਂ ’ਚ ਲੱਗੀ ਅੱਗ ਕਾਰਨ ਲੋਕਾਂ ਨੂੰ ਸੈਰ ਕਰਨ ਸਮੇਂ ਗੰਦਗੀ ਅਤੇ ਧੂੰਏਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਰੋਜ਼ਾਨਾ ਸੈਰ ਕਰਨ ਵਾਲੇ ਲੋਕਾਂ ਦੀ ਸਿਹਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਕੈਂਥ ਨੇ ਦੋਸ਼ ਲਾਇਆ ਕਿ ਨੇਚਰ ਪਾਰਕ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਗਰ ਕੌਂਸਲ ਨਾਭਾ ਵੱਲੋਂ ਕੂੜਾ ਅਤੇ ਗੰਦਗੀ ਸੁੱਟੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ’ਚ ਨਗਰ ਕੌਂਸਲ ਦੀ ਭੂਮਿਕਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਮੌਕੇ ’ਤੇ ਪਹੁੰਚ ਕੇ ਹਵਾ ਪ੍ਰਦੂਸ਼ਣ ਅਤੇ ਵਾਤਾਵਰਣ ’ਤੇ ਪੈ ਰਹੇ ਪ੍ਰਭਾਵਾਂ ਦੀ ਜਾਂਚ ਕਰੇ। ਉਨ੍ਹਾਂ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਕਿ ਨੇਚਰ ਪਾਰਕ ਤੇ ਇਸ ਦੇ ਆਲੇ-ਦੁਆਲੇ ਪਿਆ ਕੂੜਾ ਤੇ ਮਲਬਾ ਤੁਰੰਤ ਹਟਾਇਆ ਜਾਵੇ। ਕੂੜਾ ਸੁੱਟਣ ਅਤੇ ਅੱਗ ਲਗਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।