ਸਕਰੈਪ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ ਸਕਰੈਪ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Publish Date: Mon, 16 Nov 2026 06:51 PM (IST)
Updated Date: Mon, 16 Nov 2026 06:51 PM (IST)
ਰਾਕੇਸ਼ ਸ਼ਰਮਾ•, ਪੰਜਾਬੀ ਜਾਗਰਣ,• ਭੁਨਰਹੇੜੀ : ਕਸਬਾ ਭੁਨਰਹੇੜੀ ਵਿਖੇ ਸੋਮਵਾਰ ਨੂੰ ਸਵੇਰੇ ਸੱਤ ਕੁ ਵਜੇ ਇਕ ਸਕਰੈਪ ਦੀ ਦੁਕਾਨ ਵਿਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਦੇਖਦੇ ਹੀ ਦੇਖਦੇ ਦੁਕਾਨ ਵਿਚ ਪਏ ਸਕਰੈਪ ਦੇ ਸਾਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਅੱਗ ਲੱਗਣ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਸਵੇਰੇ ਪ੍ਰਭਾਤ ਫੇਰੀ ਵੇਲੇ ਕੁਝ ਬੱਚੇ ਪਟਾਕੇ ਚਲਾ ਰਹੇ ਸਨ। ਮੁੱਢਲੀ ਜਾਣਕਾਰੀ ਅਨੁਸਾਰ ਪਟਾਕਿਆਂ ਕਾਰਨ ਅੱਗ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਦੁਕਾਨ ਦੇ ਮਾਲਕ ਮੋਹਣ ਸਿੰਘ ਅਨੁਸਾਰ ਇਸ ਭਿਆਨਕ ਅੱਗ ਕਾਰਨ ਉਨ੍ਹਾਂ ਦਾ ਤਕਰੀਬਨ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਸਕਰੈਪ ਦੀ ਦੁਕਾਨ ਦੇ ਨਾਲ ਲੱਗਦੀ ਹਾਰਡਵੇਅਰ ਦੀ ਦੁਕਾਨ ਵੀ ਅੱਗ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਹਾਰਡਵੇਅਰ ਦੁਕਾਨ ਦੇ ਮਾਲਕ ਦਾ ਵੀ ਲਗਭਗ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਸਵੇਰੇ ਕਰੀਬ ਸਾਢੇ ਸੱਤ ਵਜੇ ਤੋਂ ਲੈ ਕੇ ਦੁਪਹਿਰ ਤੱਕ ਲਗਾਤਾਰ ਅੱਗ ਬੁਝਾਉਣ ਲਈ ਜੱਦੋ-ਜਹਿਦ ਕੀਤੀ ਗਈ। ਇਸ ਦੌਰਾਨ ਜੇਸੀਬੀ ਮਸ਼ੀਨ ਦੀ ਮਦਦ ਨਾਲ ਸੜੇ ਹੋਏ ਸਾਮਾਨ ਨੂੰ ਹਟਾਇਆ ਗਿਆ ਤਾਂ ਜੋ ਅੱਗ ਦੇ ਅੰਦਰੂਨੀ ਹਿੱਸਿਆਂ ਤੱਕ ਪਹੁੰਚ ਕੇ ਇਸ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕੇ। ਇਸ ਘਟਨਾ ਕਾਰਨ ਦੁਕਾਨਦਾਰਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸ ਅੱਗ ਦੇ ਧੂਏ ਕਾਰਨ ਪੂਰੇ ਕਸਬੇ ਦੇ ਵਿੱਚ ਜਿੱਥੇ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋਇਆ ਉੱਥੇ ਹੀ ਇਸ ਦੇ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਦੇ ਅੰਦਰ ਇੱਕ ਕਰਮਚਾਰੀ ਬੇਹੋਸ਼ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ । ਧੂਆਂ ਇੰਨਾ ਜਿਆਦਾ ਵੱਧ ਚੁੱਕਾ ਸੀ ਕਿ ਧੂਆਂ ਬਰਾਂਚ ਦੇ ਅੰਦਰ ਚਲਾ ਗਿਆ ਅਤੇ ਜਿਸ ਨਾਲ ਕਰਮਚਾਰੀ ਬਾਹਰ ਕਿਸੇ ਖੁੱਲੀ ਥਾਂ ਤੇ ਬੈਠਣ ਲਈ ਮਜਬੂਰ ਹੋ ਗਏ। ਇਸ ਮਾਮਲੇ ਸਬੰਧੀ ਸਬੰਧਤ ਪੁਲਿਸ ਚੌਂਕੀ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਹਾਲੇ ਤੱਕ ਮਾਲਕ ਵੱਲੋਂ ਕਿਸੇ ਤਰ੍ਹਾਂ ਦਾ ਸਾਨੂੰ ਬਿਆਨ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਹਾਲੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।