ਸੀਐੱਮ ਕੋਠੀ ਅੱਗੇ ਕਿਸਾਨ ਅੱਜ ਲਾਉਣਗੇ ਧਰਨਾ
ਸੀਐਮ ਕੋਠੀ ਅੱਗੇ ਅੱਜ ਲਾਉਣਗੇ ਕਿਸਾਨ ਧਰਨਾ
Publish Date: Sat, 21 Feb 2026 03:24 PM (IST)
Updated Date: Sun, 22 Feb 2026 04:00 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਬਹਾਦਰਪੁਰ ਵਿਖੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੁਆਰਾ ਦਿੱਤੇ ਸੱਦੇ ਅਨੁਸਾਰ ਭਾਰਤ ਅਮਰੀਕਾ ਵਪਾਰ ਸਮਝੌਤੇ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ 22 ਫਰਵਰੀ ਨੂੰ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਲੱਗਣ ਵਾਲੇ ਧਰਨਿਆਂ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ। ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਅਤੇ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਦੀ ਸੁਨਾਮ ਰਿਹਾਇਸ ਅੱਗੇ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਕਿਸਾਨ ਆਪਣਾ ਰੋਸ਼ ਪ੍ਰਦਰਸ਼ਨ ਕਰਨਗੇ। ਇਨ੍ਹਾਂ ਰੋਸ਼ ਪ੍ਰਦਰਸ਼ਨਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਡੀ ਸਮੂਲੀਅਤ ਕੀਤੀ ਜਾਵੇਗੀ। ਸ਼ਨਿੱਚਰਵਾਰ ਨੂੰ ਪਿੰਡ ਬਹਾਦਰਪੁਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਅਮਰੀਕਾ ਨਾਲ ਇਹ ਕਰ ਮੁਕਤ ਵਪਾਰ ਸਮਝੌਤਾ ਕਰਕੇ ਜਿੱਥੇ ਦੇਸ਼ ਦੀ ਪ੍ਰਭੂਸੱਤਾ ਨੂੰ ਅਮਰੀਕਾ ਅੱਗੇ ਵੇਚ ਦਿੱਤਾ ਹੈ,ਉੱਥੇ ਹੀ ਦੇਸ਼ ਦੇ ਕਰੋੜਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਰੋਜੀ ਰੋਟੀ ਤੇ ਵੀ ਲੱਤ ਮਾਰੀ ਹੈ। ਜਿਸ ਨਾਲ ਭਾਰਤ ਦੇ ਕਿਸਾਨਾਂ ਜਿਹੜੇ ਕਿ ਛੋਟੀਆਂ ਜੋਤਾਂ ਦੇ ਮਾਲਕ ਹਨ ਅਤੇ ਘਰੇਲੂ ਉਦਯੋਗਾਂ ਨੂੰ ਭਾਰੀ ਸੱਟ ਵੱਜੇਗੀ। ਅਜਿਹਾ ਕਰਕੇ ਜਿੱਥੇ ਦੇਸ਼ ਆਰਥਿਕ ਤੌਰ ਤੇ ਕਮਜ਼ੋਰ ਹੋਵੇਗਾ ਉਥੇ ਬੇਰੁਜ਼ਗਾਰੀ ਵੀ ਵਧੇਗੀ। ਆਗੂ ਨੇ ਦੱਸਿਆ ਕਿ ਇਨ੍ਹਾਂ ਸਮਝੌਤਿਆਂ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਕਰਨਾ ਹੀ ਸਮੇਂ ਦੀ ਮੁੱਖ ਲੋੜ ਹੈ ਮੀਟਿੰਗ ਵਿੱਚ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਦੀਪ ਸਿੰਘ ਬਹਾਦਰਪੁਰ ਅਤੇ ਇਕਾਈ ਪ੍ਰਧਾਨ ਸਤਵਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ 22 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਇਨ੍ਹਾਂ ਰੋਸ਼ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਯੂਥ ਵਿੰਗ ਦੇ ਆਗੂ ਯੁੱਗੀ ਸਿੰਘ,ਅੰਮ੍ਰਿਤ ਸਿੰਘ,ਕਾਲਾ ਸਿੰਘ,ਬਲਾਕ ਆਗੂ ਮਲਕੀਤ ਸਿੰਘ,ਨਿਰਮਲ ਸਿੰਘ ਹਾਜ਼ਰ ਸਨ।।