- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਭਲਕੇ ਲਾਉਣਗੇ ਸੀਐੱਮ ਕੋਠੀ ਅੱਗੇ ਧਰਨਾ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ , ਦਿੜ੍ਹਬਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦੀ ਮੀਟਿੰਗ ਬਲਾਕ ਆਗੂ ਹਰਬੰਸ ਸਿੰਘ ਦਿੜ੍ਹਬਾ ਅਤੇ ਜਸਵੰਤ ਸਿੰਘ ਸਮੂਰਾਂ ਅਗਵਾਈ ਹੇਠ ਗੁਰਦੁਆਰਾ ਬੈਰਸੀਆਣਾ ਸਾਹਿਬ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾ ਅਤੇ ਜਿਲਾ ਖਜਾਨਚੀ ਅਮਨਦੀਪ ਸਿੰਘ ਮਹਿਲਾ ਨੇ ਕਿਹਾ ਕਿ ਪਿਛਲੇ ਦਿਨੀਂ ਨਕੋਦਰ ’ਚ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਸ਼ਹਿ ਤੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਨੇ ਪਿਛਲੇ ਅਰਸੇ ਤੋਂ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਅਤੇ ਲੋਕ ਆਗੂਆਂ ਖਿਲਾਫ਼ ਘਟੀਆ ਹਮਲੇ ਕਰਨ ਦਾ ਠੇਕਾ ਲਿਆ ਹੋਇਆ ਹੈ। ਯਾਦ ਰਹੇ ਕਿ 9 ਸਤੰਬਰ ਨੂੰ ਪਾਸ਼ ਦੇ 76ਵੇਂ ਜਨਮ ਦਿਹਾੜੇ ਦੀਆਂ ਤਿਆਰੀਆਂ ਕਰ ਰਹੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਅਤੇ ਉਸਦੇ ਸਾਥੀਆਂ ਨੂੰ ਸਰਪੰਚ ਵੱਲੋਂ ਜਾਤੀ ਸੂਚਕ ਬੋਲੇ ਗਏ, ਗਾਲਾਂ ਕੱਢੀਆਂ ਗਈਆਂ, ਹਮਲਾ ਕੀਤਾ ਗਿਆ ਅਤੇ ਇੱਕ ਮਜ਼ਦੂਰ ਕਾਰਕੁਨ ਦਾ ਮੋਬਾਇਲ ਖੋਹ ਲਿਆ ਗਿਆ ਸੀ। ਇੱਕ ਮਹੀਨਾ ਬੀਤਣ ਦੇ ਬਾਵਜੂਦ ਬੇਸ਼ੱਕ ਪੁਲਿਸ ਵੱਲੋਂ ਸਰਪੰਚ ’ਤੇ ਐਸਸੀ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ ਹੈ ਪਰ ਸਰਪੰਚ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸੇ ਰੋਸ ਵਜੋਂ ਪੰਜਾਬ ਦੀਆਂ ਦਰਜਨਾਂ ਲੇਖਕ, ਜਮਹੂਰੀ, ਮਜ਼ਦੂਰ, ਕਿਸਾਨ ਤੇ ਤਰਕਸ਼ੀਲ ਜਥੇਬੰਦੀਆਂ ਨੇ ਨਕੋਦਰ ਤਹਿਸੀਲ ਕੰਪਲੈਕਸ 'ਚ ਡੀ.ਐਸ.ਪੀ ਦਫਤਰ ਅੱਗੇ ਧਰਨਾ ਤੇ ਰੋਹ ਭਰੀ ਰੈਲੀ ਕੀਤੀ ਸੀ।ਮੀਟਿੰਗ 'ਚ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਹੁਣ ਵੀ ਕੰਧ 'ਤੇ ਲਿਖਿਆ ਨਾ ਪੜ੍ਹਿਆ ਤਾਂ 14 ਅਕਤੂਬਰ ਨੂੰ ਫਰੀਦਕੋਟ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ,15 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸੰਗਰੂਰ ਅੱਗੇ ਜ਼ੋਰਦਾਰ ਰੋਸ ਵਿਖਾਵੇ ਕੀਤੇ ਜਾਣਗੇ। ਜਿਸ 'ਚ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਤੇ ਬੀਬੀਆਂ ਸ਼ਾਮਲ ਹੋਣਗੀਆਂ। ਆਗੂਆਂ ਨੇ ਕਿਹਾ ਕਿ ਇਸ ਧਰਨੇ ਦੀਆ ਮੰਗਾਂ ਸਰਪੰਚ ਪ੍ਰਦੀਪ ਸਿੰਘ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਆਪਣੇ ਨਿੱਜੀ ਸਿਆਸੀ ਮੁਫਾਦ ਲਈ ਵਰਤਣਾ ਬੰਦ ਕੀਤਾ ਜਾਵੇ।ਯਾਦਗਾਰੀ ਕੰਪਲੈਕਸ ਨੂੰ ਪੰਜਾਬ ਸਰਕਾਰ ਇਤਿਹਾਸਕ-ਸਾਹਿਤਕ ਵਿਰਾਸਤ ਵਜੋਂ ਮਾਨਤਾ ਦੇਵੇ।
ਇਸ ਮੌਕੇ ਜਗਦੀਪ ਸਿੰਘ ਮਹਿਲਾਂ, ਜੋਗਿੰਦਰ ਸਿੰਘ ਖੇੜੀ ਨਾਗਾ, ਮੇਜਰ ਸਿੰਘ ਕੌਹਰੀਆਂ, ਬਲਵਿੰਦਰ ਸਿੰਘ ਜਨਾਲ, ਤਰਸੇਮ ਸਿੰਘ ਢੰਡੋਲੀ, ਰਘਵੀਰ ਸਿੰਘ, ਜਗਜੀਤ ਸਿੰਘ ਹਾਜ਼ਰ ਸਨ।