- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਵੱਲੋਂ ਚੇਅਰਮੈਨ ਗਰੇਵਾਲ ਨੂੰ ਸੌਂਪੀ ਸ਼ਿਕਾਇਤ ਦੀ ਕਾਪੀ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਅਤੇ ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦੇ ਸਮੂਹ ਕਿਸਾਨਾਂ ਵੱਲੋਂ ਖੇਤੀਬਾੜੀ ਵਿੱਚ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਨੈਸ਼ਨਲ ਕਮਿਸ਼ਨ ਫਾਰ ਮਾਈਨਾਰਿਟੀਜ਼, ਨਵੀਂ ਦਿੱਲੀ ਨੂੰ ਪੱਤਰ ਸੌਂਪਦੇ ਹੋਏ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਕਿਸਾਨ ਜਸਵੀਰ ਸਿੰਘ ਕੋਟਲਾ, ਸ਼ਮਸ਼ੇਰ ਸਿੰਘ ਉਕਸੀ, ਨਵਜੋਤ ਸਿੰਘ ਪੀਲਖਣੀ ਵੱਲੋਂ ਭੇਜੇ ਗਏ ਸ਼ਿਕਾਇਤ ਪੱਤਰ ਵਿੱਚ ਅੰਸ਼ੁਲ ਫਰਟੀਲਾਈਜ਼ਰਜ਼ ਏਜੰਸੀ, ਸਾਹਨੀ ਫਰਟੀਲਾਈਜ਼ਰਜ਼ ਕੰਪਨੀ, ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਟਿਡ, ਪਾਹਵਾ ਪੈਸਟੀਸਾਈਡਜ਼ ਐਂਡ ਸੀਡ ਸਟੋਰ ਅਤੇ ਮਾਰਕਫੈੱਡ ਕੋਆਪ੍ਰੇਟਿਵ ਸੁਸਾਇਟੀ ਪਟਿਆਲਾ ਸਮੇਤ ਕੁਝ ਫਰਮਾਂ ਵੱਲੋਂ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਡੀਏਪੀ ਖਾਦ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ, ਪਰ ਉਪਰੋਕਤ ਫਰਮਾਂ ਵੱਲੋਂ ਕਿਸਾਨਾਂ ਨੂੰ ਖਾਦ ਦੀ ਸਹੀ ਸਪਲਾਈ ਨਾ ਮਿਲਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਕਈ ਵਾਰ ਖਾਦ ਲੈਣ ਲਈ ਕਿਸਾਨਾਂ ਨੂੰ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਹੋਣਾ ਪੈਂਦਾ ਹੈ ਅਤੇ ਕਥਿਤ ਤੌਰ ’ਤੇ ਖਾਦ ਦੀ ਕਿਲਤ ਪੈਦਾ ਕਰ ਕੇ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਪੱਤਰ ਵਿੱਚ ਕਥਿਤ ਕਾਲਾਬਾਜ਼ਾਰੀ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਿਸਾਨਾਂ ਅਨੁਸਾਰ ਜੇਕਰ ਕਿਸੇ ਅਧਿਕਾਰੀ ਜਾਂ ਸਬੰਧਿਤ ਵਿਭਾਗ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲਦਾ। ਉਨ੍ਹਾਂ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰ ਕੇ ਕਿਸਾਨਾਂ ਨੂੰ ਖਾਦ ਦੀ ਸਹੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਪਰੋਕਤ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ। ਸਬੰਧਿਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਕਤ ਭਰਮਾ ਦੇ ਰਿਕਾਰਡ ਅਤੇ ਸਟਾਕ ਦੀ ਜਾਂਚ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਖਾਦ ਅਤੇ ਹੋਰ ਸਾਮਾਨ ਦੀ ਸਪਲਾਈ ਨਾ ਦੇਣ ਦੇ ਚਲਦਿਆਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।