ਜਹਾਂਗੀਰ ਫੈਕਟਰੀ ਅੱਗੇ ਲੱਗਾ ਧਰਨਾ ਪੁਲਿਸ ਨੇ ਚੁਕਵਾਇਆ ਜਹਾਂਗੀਰ ਫੈਕਟਰੀ ਅੱਗੇ ਲੱਗਾ ਧਰਨਾ ਪੁਲਿਸ ਨੇ ਚੁਕਵਾਇਆ
Publish Date: Wed, 28 Oct 2026 06:53 PM (IST)
Updated Date: Wed, 28 Oct 2026 06:55 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ/ਸ਼ੇਰਪੁਰ ਜਹਾਂਗੀਰ ਸਥਿਤ ਹਾਰਪ ਕੈਮੀਕਲ ਫੈਕਟਰੀ ਵੱਲੋਂ ਕਥਿਤ ਤੌਰ ’ਤੇ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਫੈਕਟਰੀ ਦੇ ਗੇਟ ਅੱਗੇ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਿਹਾ ਪੱਕਾ ਮੋਰਚਾ ਬੁੱਧਵਾਰ ਨੂੰ ਪੁਲਿਸ ਪ੍ਰਸ਼ਾਸਨ ਨੇ ਚੁਕਵਾ ਦਿੱਤਾ। ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਹਟਾਇਆ ਅਤੇ ਆਵਾਜਾਈ ਲਈ ਰਸਤਾ ਖੁੱਲ੍ਹਵਾ ਦਿੱਤਾ। ਇਸ ਦੌਰਾਨ ਸੰਘਰਸ਼ ਕਮੇਟੀ ਦੇ ਆਗੂ ਸੁਖਜਿੰਦਰ ਸਿੰਘ ਕਾਕਾ ਨੂੰ ਧਰਨੇ ਵਿੱਚੋਂ ਲਿਜਾਏ ਜਾਣ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ। ਉੱਧਰ, ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕਰਕੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਵੀ ਜਾਣਕਾਰੀ ਮਿਲੀ ਹੈ। ਇਸ ਦੇ ਬਾਵਜੂਦ ਕੁਝ ਔਰਤਾਂ ਅਤੇ ਮਾਵਾਂ ਫੈਕਟਰੀ ਅੱਗੇ ਡਟੀਆਂ ਰਹੀਆਂ। ਜਾਣਕਾਰੀ ਅਨੁਸਾਰ, ਜਹਾਂਗੀਰ ਫੈਕਟਰੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਫੈਕਟਰੀ ਖ਼ਿਲਾਫ਼ ਮੋਰਚਾ ਲਾਇਆ ਹੋਇਆ ਸੀ। ਧਰਨਾਕਾਰੀਆਂ ਦਾ ਦੋਸ਼ ਸੀ ਕਿ ਫੈਕਟਰੀ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਿਤ ਹੋਣ ਕਾਰਨ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸੰਘਰਸ਼ਕਾਰੀ ਫੈਕਟਰੀ ਬੰਦ ਕਰਨ ਦੀ ਮੰਗ ’ਤੇ ਅੜੇ ਹੋਏ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਫੈਕਟਰੀ ਬੰਦ ਨਹੀਂ ਹੁੰਦੀ, ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਪੁਲਿਸ ਦੀ ਛਾਪੇਮਾਰੀ ਨਾਲ ਪਿੰਡਾਂ ’ਚ ਹਲਚਲ ਭਰੋਸੇਯੋਗ ਸੂਤਰਾਂ ਅਨੁਸਾਰ, ਪੁਲਿਸ ਵੱਲੋਂ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਲਈ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ। ਇਸੇ ਦੌਰਾਨ ਸੰਘਰਸ਼ ਕਮੇਟੀ ਦੇ ਆਗੂ ਜਸਪਾਲ ਸਿੰਘ ਜੱਸਾ ਘਨੌਰ ਦੇ ਘਰ ਵੀ ਪੁਲਿਸ ਪਹੁੰਚੀ। ਜੱਸਾ ਦੀ ਮਾਤਾ ਅਨੁਸਾਰ, ਉਨ੍ਹਾਂ ਨੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਮਗਰੋਂ ਸ਼ੱਕ ਪੈਣ ’ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਗਈ, ਜਿਸ ਕਾਰਨ ਪਿੰਡ ਵਾਸੀ ਇਕੱਠੇ ਹੋ ਗਏ। ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਪੁਲਿਸ ਨੂੰ ਉੱਥੋਂ ਖਾਲੀ ਹੱਥ ਪਰਤਣਾ ਪਿਆ। ਇਸ ਤੋਂ ਇਲਾਵਾ ਹੋਰਨਾਂ ਪਿੰਡਾਂ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਸੰਘਰਸ਼ ਕਮੇਟੀ ਨਾਲ ਜੁੜੇ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਏ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਪੁਲਿਸ ਕਾਰਵਾਈ ਦੌਰਾਨ ਫੈਕਟਰੀ ਵੱਲ ਜਾਂਦਾ ਰਸਤਾ ਤਾਂ ਖੁੱਲ੍ਹਵਾ ਦਿੱਤਾ ਗਿਆ, ਪਰ ਕੁਝ ਮਹਿਲਾਵਾਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਵਾਲੀ ਥਾਂ ’ਤੇ ਡਟੀਆਂ ਰਹੀਆਂ। ਸਾਬਕਾ ਵਿਧਾਇਕ ਦੀ ਪਤਨੀ ਨੂੰ ਵੀ ਲਿਆ ਹਿਰਾਸਤ ’ਚ ਧਰਨਾਕਾਰੀਆਂ ਦੀ ਹਮਾਇਤ ਵਿੱਚ ਪਹੁੰਚੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੂੜਾ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਹਾਈਕੋਰਟ ਦੇ ਹੁਕਮਾਂ ’ਤੇ ਧਰਨਾ ਚੁਕਵਾਇਆ: ਡੀਐੱਸਪੀ ਇਸ ਸਬੰਧੀ ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਧਰਨਾ ਚੁਕਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਪੰਚਾਇਤੀ ਜਗ੍ਹਾ ਅਲਾਟ ਕੀਤੀ ਗਈ ਸੀ, ਪਰ ਧਰਨਾਕਾਰੀ ਸੜਕ ’ਤੇ ਹੀ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸੜਕ ਖਾਲੀ ਕਰਵਾਉਣੀ ਜ਼ਰੂਰੀ ਸੀ, ਜਿਸ ਕਰਕੇ ਧਰਨਾ ਚੁਕਵਾ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।