ਕਾਗਜ਼ ਰੱਦ ਕਰਨ ਦੇ ਵਿਰੋਧ ’ਚ ਕਿਸਾਨਾਂ ਨੇ ਸੁਸਾਇਟੀ ਅੱਗੇ ਲਾਇਆ ਧਰਨਾ ਕਾਗਜ਼ ਰੱਦ ਕਰਨ ਦੇ ਵਿਰੋਧ ’ਚ ਕਿਸਾਨਾਂ ਨੇ ਸੁਸਾਇਟੀ ਅੱਗੇ ਲਾਇਆ ਧਰਨਾ
Publish Date: Wed, 19 Aug 2026 07:17 PM (IST)
Updated Date: Thu, 20 Aug 2026 04:03 AM (IST)
* ਸੁਸਾਇਟੀ ਦੇ ਸਕੱਤਰ ਤੇ ਚਪੜਾਸੀ ਨੂੰ ਦਫ਼ਤਰ ਅੰਦਰ ਲਾਇਆ ਜਿੰਦਰਾ ਫੋਟੋ–29 ਕੈਪਸ਼ਨ : ਭਵਾਨੀਗੜ੍ਹ ਸੁਸਾਇਟੀ ਗੇਟ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਪਿੰਡ ਚੰਨੋਂ ਦੀ ਕੋਆਪਰੇਟਿਵ ਸੁਸਾਇਟੀ ਵਿਖੇ ਡਾਇਰੈਕਟਰਾਂ ਦੀ ਚੋਣ ਨੂੰ ਲੈ ਕੇ ਉਸ ਸਮੇਂ ਤਣਾਅ ਵਾਲੀ ਸਥਿਤੀ ਬਣ ਗਈ, ਜਦੋਂ ਪਿੰਡ ਭਰਾਜ ਅਤੇ ਨੂਰਪੁਰਾ ਦੇ ਇੱਕ-ਇੱਕ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਆਪਣੇ ਸਮਰਥਕਾਂ ਸਮੇਤ ਸੁਸਾਇਟੀ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਚੰਨੋਂ, ਲਖੇਵਾਲ, ਭਰਾਜ ਅਤੇ ਨੂਰਪੁਰਾ ਦੀ ਸਾਂਝੀ ਕੋਆਪਰੇਟਿਵ ਸੁਸਾਇਟੀ ਦੇ ਡਾਇਰੈਕਟਰਾਂ ਦੀ ਚੋਣ ਲਈ ਉਨ੍ਹਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਚੰਨੋਂ ਅਤੇ ਲੱਖੇਵਾਲ ਦੇ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲੈਣ ਕਾਰਨ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਚੋਣ ਨਿਰਵਿਰੋਧ ਹੋ ਗਈ, ਜਦਕਿ ਭਰਾਜ ਅਤੇ ਨੂਰਪੁਰਾ ਵਿੱਚ ਇੱਕ-ਇੱਕ ਉਮੀਦਵਾਰ ਵੱਧ ਹੋਣ ਕਾਰਨ ਚੋਣ ਹੋਣੀ ਤੈਅ ਸੀ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਲੜਨ ਲਈ ਤਿਆਰ ਹੋਣ ਦੇ ਬਾਵਜੂਦ ਨੂਰਪੁਰਾ ਤੋਂ ਉਨ੍ਹਾਂ ਦੇ ਅਤੇ ਭਰਾਜ ਤੋਂ ਗੁਰਜੰਟ ਸਿੰਘ ਦੇ ਨਾਮਜ਼ਦਗੀ ਕਾਗਜ਼ ਬਿਨਾਂ ਵਾਜਬ ਕਾਰਨ ਦੱਸੇ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਬੀਤੀ ਦੇਰ ਸ਼ਾਮ ਚੋਣ ਅਧਿਕਾਰੀਆਂ ਵੱਲੋਂ 11 ਮੈਂਬਰਾਂ ਦੀ ਸੂਚੀ ਲਾ ਕੇ ਉਨ੍ਹਾਂ ਨੂੰ ਨਿਰਵਿਰੋਧ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ, ਜਦਕਿ ਮੌਕੇ ’ਤੇ ਮੌਜੂਦ ਉਮੀਦਵਾਰਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਭਰਾਜ ਵਾਸੀ ਗੁਰਜੰਟ ਸਿੰਘ ਦੇ ਪੁੱਤਰ ਨਿਰਭੈ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਸਬੰਧੀ ਕੋਈ ਵਾਜਬ ਕਾਰਨ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਕੋਠੀ ਦਾ ਘਿਰਾਓ ਕਰਨ ਤੋਂ ਇਲਾਵਾ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਇਸ ਦੌਰਾਨ ਧਰਨਾਕਾਰੀਆਂ ਨੇ ਰਿਟਰਨਿੰਗ ਅਫ਼ਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਨ ਨਾ ਮਿਲਣ ਕਾਰਨ ਉਨ੍ਹਾਂ ਦਾ ਰੋਸ ਹੋਰ ਵਧ ਗਿਆ। ਗੁੱਸੇ ਵਿੱਚ ਆਏ ਧਰਨਾਕਾਰੀਆਂ ਨੇ ਸੁਸਾਇਟੀ ਦੇ ਸਕੱਤਰ ਅਤੇ ਚਪੜਾਸੀ ਨੂੰ ਦਫ਼ਤਰ ਅੰਦਰ ਬੰਦ ਕਰਕੇ ਦਫ਼ਤਰ ਨੂੰ ਬਾਹਰੋਂ ਜਿੰਦਰਾ ਲਗਾ ਦਿੱਤਾ। ਸੁਸਾਇਟੀ ਦੇ ਸਕੱਤਰ ਲਾਭ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਚੋਣ ਕਰਵਾਉਣ ਲਈ ਅਧਿਕਾਰੀ ਸੁਸਾਇਟੀ ਵਿੱਚ ਆਏ ਸਨ ਅਤੇ ਇਸ ਸਬੰਧੀ ਪੂਰੀ ਜਾਣਕਾਰੀ ਉਨ੍ਹਾਂ ਕੋਲ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ। ਮਾਮਲੇ ਦੀ ਸੂਚਨਾ ਮਿਲਦਿਆਂ ਥਾਣਾ ਮੁਖੀ ਯਸਪਾਲ ਸ਼ਰਮਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਤਹਿਸੀਲਦਾਰ ਨਿਤਨ ਸਹੋਤਾ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਮੌਜੂਦਗੀ ਵਿੱਚ ਸੁਸਾਇਟੀ ਦਫ਼ਤਰ ਦਾ ਜਿੰਦਰਾ ਖੁਲਵਾ ਦਿੱਤਾ ਗਿਆ ਹੈ। ਲਿਖਤੀ ਸ਼ਿਕਾਇਤ ਤੇ ਨਿਯਮਾਂ ਅਨੁਸਾਰ ਕਰਾਂਗੇ ਕਾਰਵਾਈ ਤਹਿਸੀਲਦਾਰ ਨਿਤਨ ਸਹੋਤਾ ਨੇ ਕਿਹਾ ਕਿ ਉਨ੍ਹਾਂ ਨੇ ਏਆਰ ਅਤੇ ਡੀਆਰ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਨਾਮਜ਼ਦਗੀ ਕਾਗਜ਼ ਰੱਦ ਕਰਨ ਸਬੰਧੀ ਕੋਈ ਇਤਰਾਜ਼ ਹੈ, ਉਹ ਆਪਣੀ ਸ਼ਿਕਾਇਤ ਲਿਖਤੀ ਰੂਪ ਵਿੱਚ ਸਬੰਧਤ ਦਫ਼ਤਰ ਨੂੰ ਭੇਜ ਸਕਦੇ ਹਨ, ਜਿਸ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਗੋਲਡੀ ਤੂਰ, ਜਤਿੰਦਰ ਸਿੰਘ, ਲਖਵੀਰ ਸਿੰਘ ਲੱਖੇਵਾਲ, ਹਰਪਾਲ ਸਿੰਘ, ਹਰਵਿੰਦਰ ਸਿੰਘ, ਗੁਰਜੰਟ ਸਿੰਘ, ਨਿਰਭੈ ਸਿੰਘ, ਦਲਜੀਤ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ, ਕਰਮਜੀਤ ਸਿੰਘ, ਜੋਰਾ ਸਿੰਘ ਨੂਰਪੁਰਾ, ਧੰਨਾ ਸਿੰਘ ਲੱਖੇਵਾਲ, ਦਵਿੰਦਰ ਸਿੰਘ, ਨੈਬ ਸਿੰਘ, ਸੰਦੀਪ ਸਿੰਘ ਹਾਜ਼ਰ ਸਨ।