ਕਿਸਾਨਾਂ ਨੇ ਚੱਠਾ ਨਨਹੇੜਾ ’ਚ ਬੈਂਕ ਮੂਹਰੇ ਦਿੱਤਾ ਧਰਨਾ ਕਿਸਾਨਾਂ ਨੇ ਚੱਠਾ ਨਨਹੇੜਾ ’ਚ ਬੈਂਕ ਮੂਹਰੇ ਦਿੱਤਾ ਧਰਨਾ
Publish Date: Wed, 11 Nov 2026 04:06 PM (IST)
Updated Date: Thu, 12 Nov 2026 04:00 AM (IST)
ਕਿਹਾ ਕਿਸਾਨਾਂ ਮਜ਼ਦੂਰਾਂ ਦੀ ਕੀਤੀ ਜਾ ਰਹੀ ਹੈ ਖੱਜਲ-ਖੁਆਰੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕਿਸਾਨਾਂ ਅਤੇ ਮਜ਼ਦੂਰਾਂ ਦੀ ਖੱਜਲ ਖੁ਼ਆਰੀ ਦੇ ਰੋਸ ਵਜੋਂ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਾਰਕੁਨਾਂ ਨੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਚੱਠਾ ਨਨਹੇੜਾ ਵਿਖੇ ਬੈਂਕ ਦੀ ਸਾਖਾ ਦੇ ਮੁੱਖ ਗੇਟ ਤੇ ਧਰਨਾ ਦੇ ਕੇ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੈਂਕ ਸਟਾਫ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਾਊਚਰ ਅਤੇ ਚੈੱਕ ਸਮੇਂ ਸਿਰ ਨਾ ਭਰਨ ਕਾਰਨ ਲੋਕਾਂ ਨੂੰ ਬੇਵਜ੍ਹਾ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਵੇਚੇ ਗਏ ਝੋਨੇ ਦੀ ਪੂਰੀ ਅਦਾਇਗੀ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿਸਾਨਾਂ ਦੇ ਖਾਤਿਆਂ ਵਿੱਚ ਆਈ ਝੋਨੇ ਦੀ ਪੈਮੇਂਟ ਥੋੜ੍ਹੀ-ਥੋੜ੍ਹੀ ਦੇਕੇ ਉਨ੍ਹਾਂ ਨੂੰ ਵਾਰ-ਵਾਰ ਬੈਂਕਾਂ ਦੇ ਚੱਕਰ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿਨ-ਰਾਤ ਮਿਹਨਤ ਕਰਕੇ ਆਪਣੀ ਫ਼ਸਲ ਪੈਦਾ ਕਰਦੇ ਹਨ, ਪਰ ਆਪਣੀ ਹੀ ਫ਼ਸਲ ਦੀ ਅਦਾਇਗੀ ਲੈਣ ਲਈ ਉਨ੍ਹਾਂ ਨੂੰ ਬੈਂਕਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ।ਕਿਸਾਨਾਂ ਅਤੇ ਮਜ਼ਦੂਰਾਂ ਨਾਲ ਅਜਿਹਾ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਬੈਂਕ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਵਾਊਚਰ ਅਤੇ ਚੈੱਕ ਤੁਰੰਤ ਭਰੇ ਜਾਣ, ਝੋਨੇ ਦੀ ਰਹਿੰਦੀ ਪੂਰੀ ਅਦਾਇਗੀ ਕਿਸਾਨਾਂ ਇਕੱਠੀ ਦਿੱਤੀ ਜਾਵੇ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਬੇਵਜ੍ਹਾ ਖੱਜਲ-ਖੁਆਰ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਪੱਕਾ ਹੱਲ ਨਹੀਂ ਹੁੰਦਾ, ਉਦੋਂ ਤੱਕ ਜਥੇਬੰਦੀ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਰਹੇਗੀ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਾਕ ਸੁਨਾਮ ਦੇ ਪ੍ਰਧਾਨ ਕੇਵਲ ਸਿੰਘ ਜਵੰਧਾਂ,ਹਰੀ ਸਿੰਘ ਚੱਠਾ, ਗੁਰਦੇਵ ਸਿੰਘ ਖਡਿਆਲ, ਹਰਬੰਸ ਸਿੰਘ ਖਡਿਆਲ,ਦਲੇਲ ਸਿੰਘ ਚੱਠਾ, ਕਾਲਾ ਸਿੰਘ ਜਵੰਧਾਂ,ਗੁਰਮੀਤ ਸਿੰਘ, ਭੋਲਾ ਸਿੰਘ,ਗੁਲਾਬ ਸਿੰਘ, ਚਮਕੋਰ ਸਿੰਘ, ਬਿੰਦਰ ਸਿੰਘ ਚੱਠਾ, ਜਗਸੀਰ ਸਿੰਘ, ਖਜ਼ਾਨਾ ਸਿੰਘ, ਗੁਰਮੀਤ ਸਿੰਘ ਚਾਂਦੀ, ਸ਼ੇਰਾਂ ਸਿੰਘ,ਦਲਵਾਰਾ ਸਿੰਘ, ਮਲਕੀਤ ਸਿੰਘ, ਕ੍ਰਿਸ਼ਨ ਸਿੰਘ ਹਾਜ਼ਰ ਸਨ।