ਡਰੇਨ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਅੰਦਰ ਰੋਸ ਡਰੇਨ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਅੰਦਰ ਰੋਸ
Publish Date: Sat, 18 Jul 2026 04:34 PM (IST)
Updated Date: Sun, 19 Jul 2026 04:01 AM (IST)
ਕਿਸਾਨਾਂ ਨੇ ਵੱਡੇ ਪੱਧਰ ’ਤੇ ਧਰਨਾ ਲਾਉਣ ਦੀ ਦਿੱਤੀ ਚਿਤਾਵਨੀ ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਸਥਾਨਕ ਭਗਵਾਨਪੁਰਾ ਡਰੇਨ ਦੀ ਸਫਾਈ ਨੂੰ ਲੈ ਕੇ ਪਿੰਡ ਰਾਏਪੁਰ ਦੇ ਕਿਸਾਨਾਂ ਦਾ ਗੁੱਸਾ ਭੜਕ ਉੱਠਿਆ ਹੈ। ਇਸ ਡਰੇਨ ਦੀ ਸਫਾਈ ਨਾ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਬੰਦ ਹੈ। ਕਿਸਾਨਾਂ ਨੇ ਡਰੇਨ ਵਿਭਾਗ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ,ਕਿ ਇਸ ਡਰੇਨ ਦੀ ਜਲਦੀ ਸਫਾਈ ਕਰਵਾਈ ਜਾਵੇ। ਕਿਸਾਨਾਂ ਨੇ ਦੋਸ਼ ਲਾਉਂਦਿਆਂ ਆਖਿਆ ਕਿ ਪਿਛਲੇ 5-6 ਸਾਲਾਂ ਤੋਂ ਡਰੇਨ ਦੀ ਸਫਾਈ ਨਹੀਂ ਹੋਈ ਹੈ ਜਦੋਂ ਕਿ ਸਰਕਾਰ ਹਰ ਸਾਲ ਡਰੇਨ ਦੀ ਸਫਾਈ ਲਈ ਲੱਖਾਂ ਰੁਪਏ ਦੇ ਫੰਡ ਦਿੰਦੀ ਹੈ। ਪ੍ਰੰਤੂ ਵਿਭਾਗ ਸਿਰਫ ਸਫਾਈ ਦਾ ਦਿਖਾਵਾ ਕਰਦਾ ਹੈ, ਜਦੋਂ ਕਿ ਬਰਸਾਤ ਦੇ ਮੌਸਮ ਦੌਰਾਨ ਡਰੇਨ ਦੀ ਸਫਾਈ ਨਾ ਹੋਣ ਕਾਰਨ ਹਰ ਸਾਲ ਮੀਂਹ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੰਦਾ ਹੈ। ਪਿੰਡ ਰਾਏਪੁਰ ਦੇ ਕਿਸਾਨ ਮਨਪ੍ਰੀਤ ਸਿੰਘ, ਅਵਤਾਰ ਸਿੰਘ, ਅਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਹਰਦੀਪ ਸਿੰਘ, ਅਮਨਾ ਸਿੰਘ,ਹੁਸਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਡਰੇਨ ਦੇ ਨਾਲ ਲੱਗਦੀ ਹੈ ਪਰ ਵਿਭਾਗ ਇਸਦੀ ਸਫਾਈ ਲਈ ਕੋਈ ਕਦਮ ਨਹੀਂ ਚੁੱਕ ਰਿਹਾ। ਉਨ੍ਹਾਂ ਕਿਹਾ ਕਿ ਡਰੇਨ ਵਿੱਚ ਘਾਹ, ਕੂੜਾ, ਸੁੱਕੇ ਦਰੱਖਤ ਅਤੇ ਲੱਕੜ ਜਮ੍ਹਾਂ ਹੋਣ ਕਾਰਨ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ l ਜਿਸ ਕਾਰਨ ਸੀਵਰੇਜ ਦਾ ਪਾਣੀ ਡਰੇਨ ਵਿੱਚ ਇਕੱਠਾ ਹੋ ਕੇ ਆਲੇ-ਦੁਆਲੇ ਦੇ ਖੇਤਾਂ ਵਿੱਚ ਫੈਲ ਰਿਹਾ ਹੈ। ਜਿਸ ਨਾਲ ਫਸਲਾਂ ਤਬਾਹ ਹੋ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 5-6 ਸਾਲਾਂ ਵਿੱਚ ਡਰੇਨ ਵਿਭਾਗ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਭੇਜੀਆਂ ਹਨ। ਇਸ ਤੋਂ ਇਲਾਵਾ, ਇਸ ਸਬੰਧ ਵਿੱਚ ਇੱਕ ਸ਼ਿਕਾਇਤ ਪਿਛਲੇ ਮਹੀਨੇ ਇਲਾਕੇ ਦੇ ਵਿਧਾਇਕ ਨੂੰ ਵੀ ਸੌਂਪੀ ਗਈ ਸੀ, ਪਰ ਉਨ੍ਹਾਂ ਦੀ ਸ਼ਿਕਾਇਤ ਅਣਸੁਣੀ ਰਹੀ ਅਤੇ ਵਿਭਾਗ ਨੇ ਡਰੇਨ ਦੀ ਸਫਾਈ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਕਿਸਾਨ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਾਲੇ ਵਿੱਚ ਜਮ੍ਹਾ ਹੋਇਆ ਗੰਦਾ ਪਾਣੀ ਉਨ੍ਹਾਂ ਦੀ ਡੇਢ ਏਕੜ ਜ਼ਮੀਨ ਵਿੱਚ ਭਰ ਗਿਆ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਗਵਾਨਪੁਰ ਨਾਲੇ ਦੀ ਸਫਾਈ ਨਾ ਕੀਤੀ ਗਈ ਅਤੇ ਜਲਦੀ ਹੀ ਪਾਣੀ ਦੀ ਨਿਕਾਸੀ ਸ਼ੁਰੂ ਨਾ ਕੀਤੀ ਗਈ ਤਾਂ ਉਹ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਜੇਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਵਿਭਾਗ ਵੱਲੋਂ ਉੱਪਰੋਂ ਇਸ ਸਬੰਧੀ ਕੋਈ ਫੰਡ ਨਹੀਂ ਆਇਆ ਹੈ, ਹੁਣ ਅਸੀਂ ਇਸ ਸਬੰਧੀ ਐਮਰਜੈਂਸੀ ਫੰਡਾਂ ਬਾਰੇ ਵੀ ਲਿਖ ਕੇ ਭੇਜਿਆ ਹੈ,ਜਦੋਂ ਵੀ ਉੱਪਰੋਂ ਫੰਡ ਆਉਂਦੇ ਹਨ, ਤਾਂ ਤੁਰੰਤ ਡਰੇਨ ਦੀ ਸਫਾਈ ਕਰਵਾ ਦਿੱਤੀ ਜਾਵੇਗੀ।