- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਭੇ ਐਕਸੀਅਨ ਦਫਤਰ ਮੂਹਰੇ ਕਿਸਾਨਾਂ ਦਾ ਹੱਲਾ ਬੋਲ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਨਾਭੇ ਐਕਸੀਅਨ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ। ਧਰਨੇ ਵਿਚ ਬੋਲਦਿਆਂ ਅੱਛਰ ਸਿੰਘ ਭੋਜੋ ਮਾਜਰੀ ਅਤੇ ਅਵਤਾਰ ਸਿੰਘ ਕੈਦੂਪੁਰ, ਬੀਕੇਯੂ ਡਕੌਂਦਾ ਤੋਂ ਨਿਰਮਲ ਸਿੰਘ ਨਰਵਾਣਾ ਤੇ ਗੁਰਬਚਨ ਸਿੰਘ ਕਨਸੂਹਾ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਤੋਂ ਜਗਪਾਲ ਸਿੰਘ ਊਧਾ ਤੇ ਕੁਲਦੀਪ ਸਿੰਘ ਪਾਲੀਆ, ਬੀਕੇਯੂ ਕ੍ਰਾਂਤੀਕਾਰੀ ਪੰਜਾਬ (ਬੁੱਟਰ) ਤੋਂ ਹਰਜੀਤ ਸਿੰਘ ਅਗੌਲ ਤੇ ਜਗਤਾਰ ਸਿੰਘ ਨਰਵਾਣਾ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਾਰੇ ਫਰੰਟਾਂ ਤੇ ਫੇਲ ਹੋ ਚੁੱਕੀ ਹੈ। ਲਗਾਤਾਰ ਅੱਠ ਘੰਟੇ ਮੋਟਰਾਂ ਲਈ ਬਿਜਲੀ ਸਪਲਾਈ ਉਹ ਵੀ ਦਿਨ ਨੂੰ, ਅਤੇ ਘਰਾਂ ਵਿੱਚ ਲਗਾਤਾਰ 24 ਘੰਟੇ ਸਪਲਾਈ ਦੇ ਦਮਗਜੇ ਮਾਰਨ ਵਾਲੇ ਅੱਜ ਭਾਲਿਆਂ ਨਹੀਂ ਲੱਭਦੇ। ਫਸਲਾਂ ਦਾ ਬੁਰਾ ਹਾਲ ਹੈ। ਲਗਭਗ ਸਿਰੇ ਲੱਗ ਚੁੱਕੇ ਝੋਨੇ ਦਾ ਪਾਣੀ ਬਿਨਾ, ਫੂਸ ਉਡਿਆ ਪਿਆ ਹੈ। ਕਿਸਾਨ ਦਾ ਤਿੰਨ ਮਹੀਨਿਆਂ ਦਾ ਫਸਲ ਉੱਪਰ ਕੀਤਾ ਹੋਇਆ ਖਰਚਾ ਡੁੱਬਦਾ ਨਜ਼ਰ ਆ ਰਿਹਾ ਹੈ। ਸਪਲਾਈ ਅੱਠ ਘੰਟਿਆਂ ਤੋਂ ਘਟਾ ਕੇ ਤਿੰਨ ਘੰਟੇ ਕਰ ਦਿੱਤੀ ਗਈ ਹੈ ਜਿਸ ਨਾਲ ਮੁਸ਼ਕਲ ਨਾਲ ਇੱਕ ਕਿਲਾ ਝੋਨੇ ਨੂੰ ਪਾਣੀ ਆਉਂਦਾ ਹੈ। ਹਰ ਮੋਟਰ ਤੇ 8 ਤੋਂ 12 ਏਕੜ ਝੋਨਾ ਹੈ 10 ਤੋਂ 12 ਦਿਨਾਂ ਬਾਅਦ ਝੋਨੇ ਨੂੰ ਪਾਣੀ ਦੀ ਵਾਰੀ ਆਉਂਦੀ ਹੈ। ਇਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ।ਜੇਕਰ ਸਰਕਾਰ ਨੇ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੀਆਂ। ਅੱਜ ਦੇ ਇਕੱਠ ਨੂੰ ਬੀਕੇਯੂ ਰਾਜੇਵਾਲ ਤੋਂ ਅੱਛਰ ਸਿੰਘ ਭੋਜੋ ਮਾਜਰੀ ਤੇ ਅਵਤਾਰ ਸਿੰਘ ਕੈਦੂਪੁਰ, ਬੀਕੇਯੂ ਡਕੌਂਦਾ ਤੋਂ ਨਿਰਮਲ ਸਿੰਘ ਨਰਵਾਣਾ ਅਤੇ ਗੁਰਬਚਨ ਸਿੰਘ ਕਨਸੂਹਾ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਤੋਂ ਜਗਪਾਲ ਸਿੰਘ ਊਧਾ ਅਤੇ ਕੁਲਦੀਪ ਸਿੰਘ ਪਾਲੀਆ, ਬੀਕੇਯੂ ਕ੍ਰਾਂਤੀਕਾਰੀ ਪੰਜਾਬ (ਬੁੱਟਰ) ਤੋਂ ਹਰਜੀਤ ਸਿੰਘ ਅਗੌਲ ਅਤੇ ਜਗਤਾਰ ਸਿੰਘ ਨਰਵਾਣਾ, ਅਤੇ ਕੁੱਲ ਹਿੰਦ ਕਿਸਾਨ ਸਭਾ ਤੋਂ ਕਾਕਾ ਸਿੰਘ ਕੋਟ ਆਦਿਕ ਆਗੂਆਂ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।