ਪੁਲਿਸ ਦੀ ਬੁਰਛਾਗਰਦੀ ਖਿਲਾਫ ਭੜਕੇ ਕਿਸਾਨ ਪੁਲਿਸ ਦੀ ਬੁਰਛਾਗਰਦੀ ਖਿਲਾਫ ਭੜਕੇ ਕਿਸਾਨ
Publish Date: Wed, 28 Oct 2026 04:44 PM (IST)
Updated Date: Wed, 28 Oct 2026 04:46 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਇਕੱਠੇ ਹੋਏ ਸੈਂਕੜੇ ਕਾਰਕੁਨਾਂ ਨੇ ਪੁਲਿਸ ਦੀ ਬੁਰਛਾਗਰਦੀ ਖਿਲਾਫ ਰੋਹ ਭਰਪੂਰ ਧਰਨਾ ਦੇਕੇ ਚੀਮਾਂ ਥਾਣੇ ਦਾ ਘਿਰਾਓ ਕੀਤਾ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨਸ਼ੇ ਦੀ ਓਵਰਡੋਜ ਨਾਲ ਮਰੇ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਨੂੰ ਜ਼ਬਰੀ ਖੋਹਕੇ ਮਾਮਲੇ ਨੂੰ ਹੋਰ ਰੰਗਤ ਦੇਣਾ ਚਾਹੁੰਦੀ ਹੈ। ਬੁੱਧਵਾਰ ਨੂੰ ਚੀਮਾਂ ਥਾਣੇ ਦਾ ਘਿਰਾਓ ਕਰਕੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਆਖਿਆ ਕਿ ਸੂਬੇ ਅੰਦਰ ਨਸ਼ਿਆ ਨਾਲ ਨਿੱਤ ਦਿਹਾੜੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਪੁਲਿਸ ਅਤੇ ਸੂਬੇ ਦੀ ਸਰਕਾਰ ਨਸਿਆਂ ਦੇ ਮਾਮਲਿਆਂ ਨੂੰ ਦਬਾਉਣ ਲਈ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਹੋਈ ਮੌਤ ਤੋਂ ਬਾਅਦ ਮਾਮਲੇ ਨੂੰ ਹੋਰ ਰੰਗਤ ਦੇਣਾ ਚਾਹੁੰਦੀ ਹੈ ਇਸੇ ਕਰਕੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਉਸਦੀ ਲਾਸ਼ ਨੂੰ ਜ਼ਬਰੀ ਖੋਹਿਆ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਪੁਲਿਸ ਦੀ ਅਜਿਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਪਾਲ ਸਿੰਘ ਦੌਲੇਵਾਲਾ, ਗੁਰਤੇਜ ਸਿੰਘ ਮੈਦੇਵਾਸ, ਜੀਤ ਸਿੰਘ ਗੰਢੂਆਂ, ਮਨਜੀਤ ਕੌਰ ਤੋਲਾਵਾਲ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ।