ਕਿਸਾਨ ਜਾਗਰੂਕਤਾ ਯਾਤਰਾ ਦੇ ਪੰਜਾਬ ਪੁੱਜਣ ’ਤੇ ਹੋਣਗੀਆਂ ਕਿਸਾਨ ਮਹਾ ਪੰਚਾਇਤਾਂ : ਕਾਕਾ ਸਿੰਘ ਕੋਟੜਾ
ਕਿਸਾਨ ਜਾਗਰੂਕਤਾ ਯਾਤਰਾ ਦੇ ਪੰਜਾਬ ਪੁੱਜਣ ਤੇ ਹੋਣਗੀਆਂ ਕਿਸਾਨ ਮਹਾ ਪੰਚਾਇਤਾਂ: ਕਾਕਾ ਸਿੰਘ ਕੋਟੜਾ
Publish Date: Mon, 16 Feb 2026 04:39 PM (IST)
Updated Date: Tue, 17 Feb 2026 04:03 AM (IST)

21 ਫਰਵਰੀ ਨੂੰ ਪਿੰਡ ਬੱਲ੍ਹੋ ਵਿਖੇ ਮਨਾਈ ਜਾਵੇਗੀ ਸ਼ਹੀਦ ਸ਼ੁਭਕਰਨ ਦੀ ਦੂਜੀ ਬਰਸੀ ਮਸਤੂਆਣਾ ਸਾਹਿਬ ਵਿੱਚ ਹੋਈ ਸੂਬਾ ਪੱਧਰੀ ਮੀਟਿੰਗ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੀ ਸੂਬਾ ਪੱਧਰੀ ਮੀਟਿੰਗ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦੀ ਅਗਵਾਈ ਵਿੱਚ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਈ। ਇਸ ਮੌਕੇ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਐੱਮਐੱਸਪੀ ਗਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਸਮੁੱਚੀ ਕਰਜਾ ਮੁਕਤੀ ਸਮੇਤ ਹੋਰਨਾਂ ਕਿਸਾਨ ਮੰਗਾਂ ਪ੍ਰਤੀ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਫਰਵਰੀ ਦੇ ਆਖਰੀ, ਮਾਰਚ ਦੇ ਸ਼ੁਰੂਆਤੀ ਦਿਨਾਂ ਚ ਪੰਜਾਬ ਅੰਦਰ ਪ੍ਰਵੇਸ਼ ਕਰੇਗੀ ਤੇ ਪੰਜਾਬ ਚ ਇਸ ਯਾਤਰਾ ਦੌਰਾਨ ਵੱਖ-ਵੱਖ ਜਿਲਿਆਂ ਅੰਦਰ ਵੱਡੀਆਂ ਕਿਸਾਨ ਮਹਾ ਪੰਚਾਇਤਾਂ ਕੀਤੀਆਂ ਜਾਣਗੀਆਂ। ਜਿਸਦੀਆਂ ਤਿਆਰੀਆਂ ਨੂੰ ਲੈ ਕੇ ਆਗੂਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਯਾਤਰਾ ਦੌਰਾਨ ਤਾਮਿਲਨਾਡੂ, ਕਰਨਾਟਕਾ ਤੇ ਆਂਧਰਾ ਪ੍ਰਦੇਸ਼ ਵਿੱਚ ਹੋਏ ਵੱਡੇ ਇਕੱਠਾਂ ਤੋਂ ਪਤਾ ਚੱਲਦਾ ਹੈ ਕਿ ਕਿਸਾਨ ਆਪਣੇ ਹੱਕਾਂ ਤੇ ਆਪਣੀਆਂ ਮੰਗਾਂ ਪ੍ਰਤੀ ਜਾਗਰੂਕ ਹੋ ਰਿਹਾ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿਨ ਰਾਤ ਇੱਕ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ 21 ਫਰਵਰੀ ਨੂੰ ਖਨੌਰੀ ਮੋਰਚੇ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਉਸਦੇ ਪਿੰਡ ਬੱਲੋ ਵਿਖੇ ਦੂਜੀ ਬਰਸੀ ਮਨਾਈ ਜਾਵੇਗੀ। ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਜਿੱਥੇ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆ ਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨੀ ਤੇ ਵੱਡਾ ਹਮਲਾ ਕੀਤਾ ਸੀ ਜਿਨਾਂ ਨੂੰ ਵਾਪਸ ਕਰਾਉਣ ਲਈ 13 ਮਹੀਨੇ ਦੇ ਕਰੀਬ ਦਿੱਲੀ ਅੰਦੋਲਨ ਲੜਨਾ ਪਿਆ ਤੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਸੀ ਪਰ ਕੇਂਦਰ ਸਰਕਾਰ ਲਗਾਤਾਰ ਕਿਸਾਨੀ ਤੇ ਦੇਸ਼ ਦੇ ਲੋਕਾਂ ਤੇ ਲਗਾਤਾਰ ਵੱਡੇ ਹਮਲੇ ਕਰ ਰਹੀ ਹੈ, ਪਹਿਲਾਂ ਬਿਜਲੀ ਸੋਧ ਬਿੱਲ, ਨਵਾਂ ਬੀਜ ਐਕਟ ਲਿਆਂਦਾ ਤੇ ਹੁਣ ਅਮਰੀਕਾ ਨਾਲ ਵਪਾਰ ਸਮਝੌਤਾ ਕਰਕੇ ਦੇਸ਼ ਦੀ ਕਿਸਾਨੀ ਨੂੰ ਖਤਮ ਕਰਨ ਦਾ ਰਾਹ ਚੁਣ ਲਿਆ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਕਿਸਾਨ ਮਾਰੂ ਸਮਝੌਤੇ ਪ੍ਰਤੀ ਦੇਸ਼ ਦੇ ਕਿਸਾਨਾਂ ਨੂੰ ਜਾਗਰਿਕ ਕਰਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਸੂਬਾ ਵਿੱਤ ਸਕੱਤਰ ਮਾਨ ਸਿੰਘ ਨੇ ਦੱਸਿਆ ਕਿ ਸਾਡੇ ਲਈ ਸਭ ਤੋਂ ਇਹ ਵੀ ਅਹਿਮ ਹੈ ਕਿ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਫੌਜੀ ਕਰੀਬ ਡੇਢ ਸਾਲ ਤੋਂ 400 ਫੁੱਟ ਉੱਚੇ ਟਾਵਰ ਤੇ ਡਟਿਆ ਹੋਇਆ ਹੈ ਪਰ ਸਰਕਾਰ ਸਖਤ ਕਾਨੂੰਨ ਬਣਾਉਣ ਤੋ ਪਾਸਾ ਵੱਟਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਟਾਵਰ ਮੋਰਚੇ ਵੱਲੋਂ 22 ਫਰਵਰੀ ਤੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਇੰਦਰਜੀਤ ਸਿੰਘ ਘਣੀਆ ,ਰਣ ਸਿੰਘ ਚੱਠਾ, ਜਗਦੀਪ ਸਿੰਘ ਪਟਿਆਲਾ, ਜਸਵਿੰਦਰ ਸਿੰਘ ਟਿਵਾਣਾ,ਦਿਦਾਰ ਸਿੰਘ ਖਾਰਾ, ਕਰਮਜੀਤ ਸਿੰਘ ਨਗਲੀ, ਗੁਰਜੀਤ ਸਿੰਘ ਵਜੀਦਪੁਰ, ਰਣਜੀਤ ਸਿੰਘ ਮਮਦੋਟ, ਨਛੱਤਰ ਸਿੰਘ ਸਹੌਰ, ਕਰਨੈਲ ਸਿੰਘ ਗਾਂਧੀ, ਬਲਰਾਜ ਸਿੰਘ ਅੰਮ੍ਰਿਤਸਰ, ਗੁਲਾਬ ਸਿੰਘ ਗੁਰਦਾਸਪੁਰ, ਰਣਜੀਤ ਸਿੰਘ ਤਰਨਤਾਰਨ, ਸਾਹਿਬ ਸਿੰਘ ਫਿਰੋਜ਼ਪੁਰ, ਹਰਭਗਵਾਨ ਸਿੰਘ ਮੁਕਤਸਰ ਸਾਹਿਬ, ਬੂਟਾ ਸਿੰਘ ਦੋਦਾ, ਕੁਲਵੰਤ ਸਿੰਘ ਨਹੀਆਂ ਵਾਲਾ, ਭੂਰਾ ਸਿੰਘ ਸਲੇਮਗੜ੍ਹ, ਕੇਵਲ ਸਿੰਘ ਜਵੰਧਾ, ਜਸਵੰਤ ਸਿੰਘ ਛਾਹੜ, ਕਰਮਜੀਤ ਸਿੰਘ ਬਾਲਦ, ਸਰਬਜੀਤ ਕੌਰ ਤਰਨਤਾਰਨ, ਅਮਰਜੀਤ ਕੌਰ ਮੰਡੀ ਕਲਾਂ, ਪਰਮਜੀਤ ਕੌਰ ਮਹਿਮਾ ਸਵਾਈ, ਪਰਮਿੰਦਰ ਕੌਰ ਨਹੀਆਂ ਵਾਲਾ, ਅਮਰਜੀਤ ਕੌਰ ਬੁਰਜ , ਕਰਮਜੀਤ ਕੌਰ ਫੂਲ ਹਾਜ਼ਰ ਸਨ ।