ਡਿਪੂਆਂ ਤੇ ਭੇਜੀ ਜਾ ਰਹੀ ਖਰਾਬ ਕਣਕ ਦੀਆਂ ਟਰਾਲੀਆਂ ਕਿਸਾਨਾਂ ਘੇਰੀਆਂ ਡਿਪੂਆਂ ਤੇ ਭੇਜੀ ਜਾ ਰਹੀ ਖਰਾਬ ਕਣਕ ਦੀਆਂ ਟਰਾਲੀਆਂ ਕਿਸਾਨਾਂ ਘੇਰੀਆਂ
Publish Date: Sun, 23 Aug 2026 05:17 PM (IST)
Updated Date: Mon, 24 Aug 2026 04:01 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੂਨਕ ਦੇ ਦੇਹਲਾ ਰੋਡ ’ਤੇ ਸਥਿਤ ਅਨਾਜ ਦੇ ਗੋਦਾਮ ਤੋਂ ਰਾਸ਼ਨ ਕਾਰਡ ਧਾਰਕਾਂ ਨੂੰ ਵੰਡਣ ਲਈ ਰਾਸ਼ਨ ਡਿਪੂਆਂ ’ਤੇ ਭੇਜੀ ਜਾ ਰਹੀ ਘਟੀਆ ਦਰਜੇ ਦੀ ਕਣਕ ਦੀ ਸ਼ਿਕਾਇਤ ਮਿਲਣ ’ਤੇ ਕਿਸਾਨ ਮੌਕੇ ’ਤੇ ਪਹੁੰਚੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਕਣਕ ਦੀਆਂ ਬੋਰੀਆਂ ਨਾਲ ਭਰੀਆਂ ਟਰਾਲੀਆਂ ਦਾ ਘਿਰਾਓ ਕਰ ਲਿਆ। ਮੌਕੇ ’ਤੇ ਪੁੱਜੇ ਖਰੀਦ ਏਜੰਸੀ ਪਨਗ੍ਰੇਨ ਦੇ ਇੰਸਪੈਕਟਰ ਅਤੇ ਏਐੱਫਐੱਸਓ ਦਾ ਵੀ ਕਿਸਾਨਾਂ ਨੇ ਘਿਰਾਓ ਕੀਤਾ ਅਤੇ ਪੰਜਾਬ ਸਰਕਾਰ, ਸਬੰਧਤ ਅਧਿਕਾਰੀਆਂ ਅਤੇ ਖੁਰਾਕ ਤੇ ਸਪਲਾਈ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਰਿੰਕੂ ਸਿੰਘ, ਜਤਿੰਦਰ ਸਿੰਘ ਝਲੂਰ ਅਤੇ ਬਲਾਕ ਸਕੱਤਰ ਰਾਮਫਲ ਸਿੰਘ ਝਲੂਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਮੂਨਕ ਇਲਾਕੇ ਦੇ ਡਿਪੂਆਂ ਲਈ ਉਕਤ ਗੋਦਾਮ ਤੋਂ ਕਣਕ ਨਾਲ ਭਰੀਆਂ ਟਰਾਲੀਆਂ ਭੇਜੀਆਂ ਜਾ ਰਹੀਆਂ ਸਨ। ਇਸ ਦੀ ਸੂਚਨਾ ਮਿਲਣ ’ਤੇ ਜਥੇਬੰਦੀ ਦੇ ਵਰਕਰ ਮੌਕੇ ’ਤੇ ਪਹੁੰਚੇ ਅਤੇ ਦੋ ਟਰਾਲੀਆਂ ਨੂੰ ਘੇਰ ਲਿਆ। ਕਿਸਾਨਾਂ ਦਾ ਦੋਸ਼ ਹੈ ਕਿ ਪਾਣੀ ਲੱਗਣ ਕਾਰਨ ਕਣਕ ਦੀਆਂ ਬੋਰੀਆਂ ਅਤੇ ਕਣਕ ਵਿੱਚ ਉੱਲੀ ਲੱਗੀ ਹੋਈ ਹੈ। ਕਣਕ ਵਿੱਚੋਂ ਬਦਬੂ ਆ ਰਹੀ ਹੈ, ਪਰ ਇਸ ਦੇ ਬਾਵਜੂਦ ਇਹ ਘਟੀਆ ਕਣਕ ਰਾਸ਼ਨ ਡਿਪੂਆਂ ’ਤੇ ਰਾਸ਼ਨ ਕਾਰਡ ਧਾਰਕਾਂ ਨੂੰ ਵੰਡਣ ਲਈ ਭੇਜੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਕਣਕ ਦੇਣ ਦੇ ਦਾਅਵੇ ਕਰ ਰਹੀ ਹੈ, ਜਦਕਿ ਲੋਕਾਂ ਨੂੰ ਗਲੀ-ਸੜੀ ਕਣਕ ਵੰਡੀ ਜਾ ਰਹੀ ਹੈ, ਜੋ ਪਸ਼ੂਆਂ ਦੇ ਖਾਣ ਦੇ ਵੀ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਤੋਂ ਕਣਕ ਦੀ ਖਰੀਦ ਕਰਦੇ ਸਮੇਂ ਖਰੀਦ ਏਜੰਸੀਆਂ ਅਤੇ ਸਰਕਾਰਾਂ ਵੱਲੋਂ 17-18 ਫ਼ੀਸਦੀ ਨਮੀ ਦੀ ਸ਼ਰਤ ਲਾਗੂ ਕੀਤੀ ਜਾਂਦੀ ਹੈ। ਇਸ ਦੇ ਉਲਟ ਇੱਥੇ ਕਣਕ ’ਤੇ ਪਾਣੀ ਪਾ ਕੇ ਇਸ ਦਾ ਭਾਰ ਵਧਾਉਣ ਦੀ ਕਥਿਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਬਿਨਾਂ ਜਾਂਚ-ਪੜਤਾਲ ਦੇ ਹੀ ਸੜੀ ਹੋਈ ਕਣਕ ਰਾਸ਼ਨ ਡਿਪੂਆਂ ’ਤੇ ਭੇਜੀ ਜਾ ਰਹੀ ਹੈ। ਸਬੰਧਤ ਅਧਿਕਾਰੀ ਦੇ ਮੌਕੇ ’ਤੇ ਨਾ ਪਹੁੰਚਣ ’ਤੇ ਕਿਸਾਨਾਂ ਨੇ ਸੜਕ ਜਾਮ ਕਰ ਦਿੱਤੀ। ਬਾਅਦ ਵਿੱਚ ਪਨਗ੍ਰੇਨ ਇੰਸਪੈਕਟਰ ਦੇ ਪਹੁੰਚਣ ’ਤੇ ਕਿਸਾਨਾਂ ਨੇ ਉਸ ਦਾ ਘਿਰਾਓ ਕੀਤਾ। ਇਸ ਤੋਂ ਬਾਅਦ ਏਐਫਐਸਓ ਅਤੇ ਥਾਣਾ ਮੂਨਕ ਦੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੌਕੇ ’ਤੇ ਕਣਕ ਦੀ ਸਪਲਾਈ ਲਈ ਕੱਟੇ ਗਏ ਗੇਟ ਪਾਸ ਅਧਿਕਾਰੀਆਂ ਵੱਲੋਂ ਨਹੀਂ ਦਿਖਾਏ ਗਏ। ਕਈ ਘੰਟਿਆਂ ਬਾਅਦ ਹੱਥ ਨਾਲ ਲਿਖੇ ਗੇਟ ਪਾਸ ਦਿਖਾਏ ਗਏ, ਜਿਸ ਨੂੰ ਲੈ ਕੇ ਵੀ ਕਿਸਾਨਾਂ ਨੇ ਸਵਾਲ ਖੜ੍ਹੇ ਕੀਤੇ। ਕਿਸਾਨਾਂ ਮੁਤਾਬਕ ਪੂਰੇ ਪੰਜਾਬ ਵਿੱਚ ਡਿਪੂਆਂ ਨੂੰ ਭੇਜੀ ਜਾਣ ਵਾਲੀ ਕਣਕ ਦੇ ਆਨਲਾਈਨ ਗੇਟ ਪਾਸ ਕੱਟੇ ਜਾਂਦੇ ਹਨ। ਇਸ ਲਈ ਮੈਨੂਅਲ ਗੇਟ ਪਾਸ ਜਾਰੀ ਕੀਤੇ ਜਾਣ ਬਾਰੇ ਸਥਿਤੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ। ਏਐਫਐਸਓ ਨੇ ਕਿਸਾਨਾਂ ਦੀ ਮੰਗ ’ਤੇ ਸੋਮਵਾਰ ਨੂੰ ਉਕਤ ਕਣਕ ਦੇ ਸੈਂਪਲ ਲੈਣ ਦਾ ਭਰੋਸਾ ਦਿੱਤਾ। ਅਧਿਕਾਰੀਆਂ ਨੇ ਲਿਖਤੀ ਤੌਰ ’ਤੇ ਭਰੋਸਾ ਦਿਵਾਇਆ ਕਿ ਰਿਪੋਰਟ ਆਉਣ ਤੱਕ ਸਬੰਧਤ ਕਣਕ ਦਾ ਸਟਾਕ ਨਹੀਂ ਚੁੱਕਿਆ ਜਾਵੇਗਾ। ਸੈਂਪਲ ਲਏ ਜਾਣ ਤੱਕ ਕਣਕ ਨਾਲ ਭਰੀਆਂ ਸਾਰੀਆਂ ਟਰਾਲੀਆਂ ਗੋਦਾਮ ਵਿੱਚ ਹੀ ਖੜ੍ਹੀਆਂ ਰਹਿਣਗੀਆਂ। ਇਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਲਾਪਰਵਾਹੀ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸ਼ੈਲਰ ਸੰਚਾਲਕ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਅਤੇ ਇਸ ਕਣਕ ਨੂੰ ਨਸ਼ਟ ਕਰਕੇ ਸਾਫ਼-ਸੁਥਰੀ ਕਣਕ ਦੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਉਹ ਡੀਐਫਐਸਸੀ ਦੇ ਦਫ਼ਤਰ ਦਾ ਘੇਰਾਓ ਕਰਨਗੇ।