ਦਿੱਲੀ ਜਾ ਰਹੇ ਕਿਸਾਨਾਂ ਨੂੰ ਖਨੌਰੀ ਨੇੜੇ ਹਰਿਆਣਾ ਬਾਰਡਰ 'ਤੇ ਰੋਕਿਆ ਦਿੱਲੀ ਜਾ ਰਹੇ ਕਿਸਾਨਾਂ ਨੂੰ ਖਨੌਰੀ ਨੇੜੇ ਹਰਿਆਣਾ ਬਾਰਡਰ 'ਤੇ ਰੋਕਿਆ
Publish Date: Tue, 21 Jul 2026 07:16 PM (IST)
Updated Date: Wed, 22 Jul 2026 04:08 AM (IST)
ਕਿਸਾਨਾਂ ਨੇ ਸੜਕ ਤੇ ਲਾਇਆ ਧਰਨਾ, ਸਰਕਾਰ ਤੇ ਜਮਹੂਰੀ ਹੱਕਾਂ ਦਾ ਘਾਣ ਕਰਨ ਦੇ ਲਾਏ ਦੋਸ਼ ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ ਦੇਸ਼ ਬਚਾਓ ਮੋਰਚੇ ਦੇ ਸੱਦੇ ਤੇ ਕਿਸਾਨ ਮਜ਼ਦੂਰ ਮੋਰਚੇ ਨਾਲ ਸਬੰਧਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਦਿੱਲੀ ਦੇ ਕਿਸਾਨ ਘਾਟ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਰਵਾਨਾ ਹੋਏ। ਪ੍ਰੰਤੂ ਖਨੌਰੀ ਨੇੜੇ ਜੰਮੂ-ਕਟੜਾ ਰੋਡ ਤੇ ਵਰਤਾ ਪਿੰਡ ਕੋਲ ਹਰਿਆਣਾ ਪੁਲਿਸ ਨੇ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਵੱਡੇ-ਵੱਡੇ ਬੈਰੀਕੇਡ ਅਤੇ ਟਰੱਕ ਲਾ ਕੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਇਸ ਦੌਰਾਨ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚਾਲੇ ਤਿੱਖੀ ਤਕਰਾਰ ਵੀ ਹੋਈ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਅਤੇ ਜਮਹੂਰੀ ਹੱਕ ਹੈ, ਪਰ ਸਰਕਾਰ ਵੱਲੋਂ ਇਸ ਹੱਕ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਜਾ ਰਹੇ ਸਨ, ਪਰ ਪੁਲਿਸ ਵੱਲੋਂ ਸਾਰੇ ਰਸਤੇ ਬੰਦ ਕਰਨ ਕਾਰਨ ਟਰੈਫਿਕ ਜਾਮ ਦੀ ਸਥਿਤੀ ਬਣੀ। ਉਨ੍ਹਾਂ ਦੱਸਿਆ ਕਿ ਜਾਮ ਕਾਰਨ ਸੈਂਕੜੇ ਟਰੱਕ ਅਤੇ ਹੋਰ ਵਾਹਨ ਰੁਕੇ ਰਹੇ, ਜਿਨ੍ਹਾਂ ਵਿੱਚ ਬੱਚਿਆਂ ਦੇ ਖਾਣ-ਪੀਣ ਦਾ ਸਮਾਨ ਲਿਜਾਣ ਵਾਲੇ ਵਾਹਨ ਵੀ ਸ਼ਾਮਲ ਸਨ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਮੌਕੇ ਤੇ ਹੀ ਸੜਕ ਤੇ ਧਰਨਾ ਲਾ ਦਿੱਤਾ, ਜੋ ਸ਼ਾਮ ਕਰੀਬ ਚਾਰ ਵਜੇ ਤੱਕ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਕਿਸਾਨਾਂ ਨੂੰ ਇਸੇ ਤਰ੍ਹਾਂ ਹਰਿਆਣਾ ਵਿੱਚ ਦਾਖਲ ਹੋਣ ਤੋਂ ਰੋਕਦੀ ਰਹੀ ਤਾਂ ਪੰਜਾਬ ਦੌਰੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਾਰੇ ਪ੍ਰਵੇਸ਼ ਮਾਰਗਾਂ ਤੇ ਵੀ ਕਿਸਾਨਾਂ ਨੂੰ ਰੋਕਿਆ ਗਿਆ ਹੈ ਅਤੇ ਦਿੱਲੀ ਪਹੁੰਚੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇੱਕ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਦੇਸ਼ ਬਚਾਓ ਮੋਰਚੇ ਦੀ ਮੀਟਿੰਗ ਕਰਕੇ ਵੱਡੇ ਪੱਧਰ ਤੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਡਾ. ਜਰਨੈਲ ਸਿੰਘ ਕਾਲੇਕੇ, ਰੇਸ਼ਮ ਸਿੰਘ ਜੀਰਾ, ਜਸਦੇਵ ਸਿੰਘ ਲਲਤੋਂ, ਸੂਰਜ ਭਾਨ ਫਰੀਦਕੋਟ, ਲਖਬੀਰ ਦੋਧਰ, ਜਗਮੋਹਣ ਸਿੰਘ ਕੰਗ (ਮੋਗਾ), ਪਰਵਿੰਦਰ ਸਿੰਘ ਬਾਬਰਪੁਰ, ਗੁਰਪ੍ਰੀਤ ਸਿੰਘ ਫਿਰੋਜ਼ਪੁਰ, ਕੁਲਵਿੰਦਰ ਸੋਨੀ ਲੌਂਗੋਵਾਲ, ਜਸਵਿੰਦਰ ਸਿੰਘ ਫਰੀਦਕੋਟ, ਜਗਦੇਵ ਸਿੰਘ ਭੈਣੀ ਬਾਘਾ, ਪਰਸੋਤਮ ਸਿੰਘ ਬਠਿੰਡਾ, ਜੁਗਰਾਜ ਸਿੰਘ ਦੱਦਾਹੂਰ, ਰਣਜੀਤ ਸਿੰਘ ਸਵਾਜਪੁਰ, ਗੁਰਨਾਮ ਸਿੰਘ ਹਾਜ਼ਰ ਸਨ।