- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤਾਂ ਦੀ ਬਿਜਲੀ ਸਪਲਾਈ ਠੱਪ ਹੋਣ ’ਤੇ ਕਿਸਾਨਾਂ ਨੇ ਗਰਿੱਡ ਘੇਰਿਆ

ਜਸਪਾਲ ਲਾਡੇਵਾਲ/ ਰਹਿਮਾਨ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਖੇਤਾਂ ਲਈ ਬਿਜਲੀ ਸਪਲਾਈ ਠੀਕ ਨਾ ਹੋਣ ਤੋਂ ਖਫ਼ਾ ਪਿੰਡ ਚੌਂਦਾ ਦੇ ਕਿਸਾਨਾਂ ਨੇ ਮੰਨਵੀ ਗਰਿੱਡ ਵਿਖੇ ਧਰਨਾ ਲਾ ਕੇ ਬਿਜਲੀ ਗਰਿੱਡ ਦਾ ਘਿਰਾਓ ਕੀਤਾ। ਇਸ ਦੌਰਾਨ ਕਿਸਾਨਾਂ ਨੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਰ ਕੀਤਾ।
ਇਸ ਮੌਕੇ ਗੀਤਕਾਰ ਗੁਰੀ ਚੌਂਦਾ ਨੇ ਦੱਸਿਆ ਕਿ ਖੇਤਾਂ ਨੂੰ ਲੋੜ ਅਨੁਸਾਰ ਬਿਜਲੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਪਦੀ ਗਰਮੀ ਵਿੱਚ ਫਸਲਾਂ ਨੂੰ ਪਾਣੀ ਦੀ ਸਭ ਤੋਂ ਵੱਧ ਲੋੜ ਹੈ, ਪਰ ਬਿਜਲੀ ਦੀ ਅਣਨਿਯਮਤ ਸਪਲਾਈ ਕਾਰਨ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਬਿਜਲੀ ਨਾ ਮਿਲੀ ਤਾਂ ਫਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਐਕਸ਼ਨ ਨਾਭਾ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਨਾਂ ਪਾਵਰ ਕੱਟ ਤੋਂ ਬਿਜਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਇਸ ਮੌਕੇ ਪਿੰਡ ਚੌਂਦਾ ਅਤੇ ਮੰਨਵੀ ਦੇ ਜ਼ਿਮੀਂਦਾਰਾਂ ਨੇ ਕਿਸਾਨ ਏਕਤਾ ਦਾ ਸਬੂਤ ਦਿੰਦਿਆਂ ਕਿਹਾ ਕਿ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਕਿਸਾਨਾਂ ਦੀਆਂ ਬੁਨਿਆਦੀ ਲੋੜਾਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਪੂਰੀ ਤਰ੍ਹਾਂ ਸਿੰਚਾਈ ’ਤੇ ਨਿਰਭਰ ਹੈ ਅਤੇ ਇਸ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰੈਸ ਸਕੱਤਰ ਜਗਦੇਵ ਸਿੰਘ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇੰਦਰਜੀਤ ਸਿੰਘ ਰੋਕੀ, ਗੁਰ ਧਿਆਨ ਸਿੰਘ ਇਕਾਈ ਪ੍ਰਧਾਨ, ਹਰਿੰਦਰ ਸਿੰਘ ਉਗਰਾਹਾਂ ਜਥੇਬੰਦੀ ਵੱਲੋਂ ਧਰਨੇ ਵਿੱਚ ਸ਼ਾਮਿਲ ਹੋਏ।