ਕਿਸਾਨਾਂ ਨੇ ਨਸ਼ਿਆਂ ਦੇ ਰੁਝਾਨ ’ਤੇ ਪ੍ਰਗਟਾਈ ਚਿੰਤਾ ਕਿਸਾਨਾਂ ਨੇ ਨਸਿਆਂ ਦੇ ਰੁਝਾਨ ਤੇ ਪ੍ਰਗਟਾਈ ਚਿੰਤਾ
Publish Date: Sun, 25 Oct 2026 03:49 PM (IST)
Updated Date: Mon, 26 Oct 2026 04:01 AM (IST)
ਸੁਨਾਮ ਬਲਾਕ ਦੇ ਪਿੰਡਾਂ ਚ, ਫੂਕੀਆਂ ਸਰਕਾਰ ਦੀਆਂ ਅਰਥੀਆਂ, ਤਸਕਰ ਸਿਆਸੀ ਪੁਲਿਸ ਗੱਠਜੋੜ ਨੂੰ ਤੋੜਨਾ ਸਮੇਂ ਦੀ ਲੋੜ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਝੋਟਾ ਐਕਸ਼ਨ ਕਮੇਟੀ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਤਵਾਰ ਨੂੰ ਸੁਨਾਮ ਬਲਾਕ ਦੇ ਪਿੰਡਾਂ ਵਿੱਚ ਸੂਬਾ ਸਰਕਾਰ ਦੀਆਂ ਅਰਥੀਆਂ ਫੂਕਕੇ ਰੋਸ ਪ੍ਰਗਟ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਅੰਦਰ ਨਸਿਆ ਦੇ ਚੱਲ ਰਹੇ ਰੁਝਾਨ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਬਲਾਕ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਨੇ ਦੱਸਿਆ ਕਿ ਝੋਟਾ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਰਾਜ ਵਿਆਪੀ ਸੱਦੇ ਤਹਿਤ ਜਥੇਬੰਦੀ ਨੇ ਬਲਾਕ ਦੇ ਇੱਕ ਦਰਜਨ ਪਿੰਡਾਂ ਵਿੱਚ ਸੂਬਾ ਸਰਕਾਰ ਦੀਆਂ ਅਰਥੀਆਂ ਫੂਕਕੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਨਸਿਆ ਦੇ ਵਧ ਰਹੇ ਰੁਝਾਨ ਕਾਰਨ ਪੰਜਾਬ ਅਤੇ ਪੰਜਾਬੀਆਂ ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਪਿੰਡਾਂ ਵਿੱਚ ਘਰਾਂ ਦੀਆਂ ਕੰਧਾਂ ਤੇ ਲਿਖਿਆ ਜਾ ਰਿਹੈ ਕਿ ਚਿੱਟਾ ਇੱਧਰ ਮਿਲਦਾ ਹੈ, ਬਾਵਜੂਦ ਇੰਨਾਂ ਹਲਾਤਾਂ ਦੇ ਸੂਬੇ ਦੀ ਭਗਵੰਤ ਮਾਨ ਸਰਕਾਰ ਨਸਿਆ ਦੇ ਖਾਤਮੇ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਨਸ਼ਿਆਂ ਖ਼ਿਲਾਫ਼ ਅਵਾਜ਼ ਉਠਾਉਣ ਵਾਲਿਆਂ ਤੇ ਨਸ਼ਾ ਤਸਕਰਾਂ ਵੱਲੋਂ ਹਮਲੇ ਕੀਤੇ ਜਾ ਰਹੇ। ਪਰਵਿੰਦਰ ਸਿੰਘ ਝੋਟਾ ਨੂੰ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਰਾਜਨੀਤਕ ਪਾਰਟੀਆਂ ਨਸ਼ਿਆਂ ਤੇ ਰਾਜਨੀਤੀ ਕਰਕੇ ਸੱਤਾ ਹਥਿਆਉਣ ਦੀਆਂ ਚਾਲਾਂ ਚੱਲ ਰਹੀਆਂ ਹਨ। ਉਨ੍ਹਾਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕ ਲਹਿਰ ਉਸਾਰਨ ਦੀ ਲੋੜ ’ਤੇ ਜੋਰ ਦਿੰਦਿਆਂ ਆਖਿਆ ਕਿ ਜਨਤਾ ਨੂੰ ਆਪਣੀਆਂ ਨਸਲਾਂ ਅਤੇ ਫ਼ਸਲਾਂ ਬਚਾਉਣ ਲਈ ਖੁਦ ਯਤਨ ਕਰਨੇ ਪੈਣਗੇ। ਤਸਕਰ-ਸਿਆਸੀ-ਪੁਲਿਸ ਗੱਠਜੋੜ ਨੂੰ ਠੱਲ੍ਹ ਪਾਉਣੀ ਸਮੇਂ ਦੀ ਲੋੜ ਬਣ ਗਈ ਹੈ। ਇਸ ਮੌਕੇ ਜੀਤ ਸਿੰਘ ਗੰਢੂਆਂ, ਨਛੱਤਰ ਸਿੰਘ ਹਾਜ਼ਰ ਸਨ।