ਸੁਨਾਮ ਦੇ ਪਿੰਡਾਂ ’ਚ ਕਿਸਾਨਾਂ ਨੇ ਫੂਕੀਆਂ ਸਰਕਾਰ ਦੀਆਂ ਅਰਥੀਆਂ
ਸੁਨਾਮ ਦੇ ਪਿੰਡਾਂ ’ਚ ਕਿਸਾਨਾਂ ਨੇ ਫੂਕੀਆਂ ਸਰਕਾਰ ਦੀਆਂ ਅਰਥੀਆਂ
Publish Date: Thu, 19 Feb 2026 04:15 PM (IST)
Updated Date: Fri, 20 Feb 2026 04:03 AM (IST)

ਲੋਕ ਲਹਿਰਾਂ ਨੂੰ ਡੰਡੇ ਦੇ ਜ਼ੋਰ ਨਹੀਂ ਦਬਾਇਆ ਜਾ ਸਕਦਾ : ਗੰਢੂਆਂ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਜ਼ਬਰ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਥੇਬੰਦੀ ਦੇ ਸੂਬਾ ਪੱਧਰੀ ਸੱਦੇ ਤਹਿਤ ਵੀਰਵਾਰ ਨੂੰ ਸੁਨਾਮ ਬਲਾਕ ਦੇ ਦਰਜਨਾਂ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਹੱਕ ਮੰਗਦੇ ਲੋਕਾਂ ਤੇ ਪੁਲਸੀਆ ਜ਼ਬਰ ਰਾਹੀਂ ਜ਼ੁਬਾਨਬੰਦੀ ਕਰ ਰਹੀ ਹੈ। ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਨੇ ਦੱਸਿਆ ਕਿ ਸੁਨਾਮ ਬਲਾਕ ਦੇ ਪਿੰਡਾਂ ਗੰਢੂਆਂ, ਕਣਕਵਾਲ, ਤੋਲਾਵਾਲ, ਜਖੇਪਲ, ਉਗਰਾਹਾਂ, ਛਾਜਲੀ ਸਮੇਤ ਦਰਜਨਾਂ ਪਿੰਡਾਂ ਵਿਚ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਹਨ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ ਤੇ ਯਾਦਵਿੰਦਰ ਸਿੰਘ ਚੱਠੇ ਨਕਟੇ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਸ਼ਹਿ ਤੇ ਪੁਲਿਸ ਨੇ ਬਠਿੰਡਾ ਦੇ ਡੀਸੀ ਦਫ਼ਤਰ ਸਾਹਮਣੇ ਧਰਨਾ ਦੇਣ ਜਾ ਰਹੇ ਕਿਸਾਨਾਂ ਉੱਪਰ ਵਹਿਸ਼ੀਆਨਾ ਢੰਗ ਨਾਲ ਪੁਲਿਸ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ, ਜਿਸ ਕਾਰਨ ਕਈ ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਆਖਿਆ ਕਿ ਜਿਉਂਦ ਪਿੰਡ ਵਿਖੇ ਕਿਸੇ ਧਾਰਮਿਕ ਅਸਥਾਨ ’ਤੇ ਇਕੱਠੇ ਹੋਕੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ, ਅੱਥਰੂ ਗੈਸ ਦੇ ਗੋਲਿਆਂ ਨਾਲ ਇਕ ਨੌਜਵਾਨ ਦਾ ਬੁਰੀ ਤਰ੍ਹਾਂ ਪਾੜ ਦਿੱਤਾ ਕਈਆਂ ਦੀਆਂ ਲੱਤਾਂ ਤੇ ਸੱਟਾਂ ਲੱਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਨੇ ਮਗਰਲੀਆਂ ਸਰਕਾਰਾਂ ਨੂੰ ਮਾਤ ਪਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਸੂਬੇ ਅੰਦਰ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਦੇ ਇਸ ਵਹਿਸੀਆਨਾ ਤਸ਼ੱਦਦ ਦਾ ਹਿਸਾਬ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ। ਇਸ ਮੌਕੇ ਰਾਮ ਸਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ, ਪਾਲ ਸਿੰਘ ਦੌਲੇਵਾਲਾ, ਜੀਤ ਸਿੰਘ ਗੰਢੂਆਂ, ਗੁਰਤੇਜ ਸਿੰਘ ਮੈਦੇਵਾਸ ,ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਗੁਰਲਾਲ ਸਿੰਘ, ਨਛੱਤਰ ਸਿੰਘ ਗੰਢੂਆਂ, ਭੋਲਾ ਸਿੰਘ, ਜੰਟਾ ਸਿੰਘ, ਮੇਜ਼ਰ ਸਿੰਘ, ਬੂਟਾ ਸਿੰਘ, ਗੇਜਾ ਸਿੰਘ, ਲੀਲਾ ਸਿੰਘ, ਮੁਖਤਿਆਰ ਸਿੰਘ ਹਾਜ਼ਰ ਸਨ।