- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ’ਤੇ ਕਿਸਾਨਾਂ ਨੇ ਹਾਈਵੇ ਕੀਤਾ ਜਾਮ

ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਝੋਨੇ ਦੀ ਫ਼ਸਲ ਲਈ ਪੰਜਾਬ ਸਰਕਾਰ ਵੱਲੋਂ ਐਲਾਨੀ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਤੋਂ ਨਾਰਾਜ਼ ਨੇੜਲੇ ਪਿੰਡਾਂ ਦੇ ਕਿਸਾਨਾਂ ਵੱਲੋਂ ਅਮਰਗੜ੍ਹ ਗਰਿੱਡ ਸਾਹਮਣੇ ਮਾਲੇਰਕੋਟਲਾ-ਪਟਿਆਲਾ ਹਾਈਵੇ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਫ਼ਸਲ ਦੀ ਸਿੰਚਾਈ ਲਈ ਬਿਜਲੀ ਦੀ ਨਿਰੰਤਰ ਸਪਲਾਈ ਬੇਹੱਦ ਜ਼ਰੂਰੀ ਹੈ, ਪਰ ਵਾਰ-ਵਾਰ ਬਿਜਲੀ ਦੇ ਕੱਟ ਲੱਗਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫ਼ਸਲ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ। ਧਰਨੇ ਕਾਰਨ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਹੋਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਐਸਡੀਓ ਜਗਜੀਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਅਧਿਕਾਰੀ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਆਵਾਜਾਈ ਬਹਾਲ ਹੋ ਗਈ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਬਾਗੜੀਆਂ, ਦਰਬਾਰਾ ਸਿੰਘ, ਸਮਿੰਦਰ ਸਿੰਘ, ਗੁਰਚਰਨ ਸਿੰਘ, ਬੇਅੰਤ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਜੱਗੀ ਢਢੋਗਲ, ਬੱਗੀ ਬਾਗੜੀਆਂ, ਹਰਦੀਪ ਸਿੰਘ ਅਤੇ ਨਰਿੰਦਰ ਸਿੰਘ ਰਾਮਪੁਰ ਸਮੇਤ ਰਾਮਪੁਰ, ਛੰਨਾ, ਢਢੋਗਲ, ਖੇੜੀ, ਸੰਪੂਰਨਗੜ੍ਹ ਅਤੇ ਨੰਗਲ ਹਾਜ਼ਰ ਸਨ।