ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨਾਂ ਨੇ ਕੀਤੀ ਸੜਕ ਜਾਮ ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨਾਂ ਨੇ ਕੀਤੀ ਸੜਕ ਜਾਮ
Publish Date: Thu, 29 Oct 2026 05:00 PM (IST)
Updated Date: Thu, 29 Oct 2026 05:01 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ: ਪਿੰਡ ਕਪੂਰੀ ਦੇ ਝੋਨਾ ਖਰੀਦ ਕੇਂਦਰ ਵਿੱਚ ਝੋਨੇ ਦੀ ਫ਼ਸਲ ਦੀ ਖਰੀਦ ਨਾ ਹੋਣ, ਬਾਰਦਾਨੇ ਦੀ ਘਾਟ ਅਤੇ ਲਿਫਟਿੰਗ ਦੀ ਸਮੱਸਿਆ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਵੀਰਵਾਰ ਨੂੰ ਘਨੌਰ-ਅੰਬਾਲਾ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ। ਕਿਸਾਨਾਂ ਕਿਹਾ ਕਿ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਕਈ-ਕਈ ਦਿਨਾਂ ਤੱਕ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹ ਕਿਹਾ ਖਰੀਦ ਕੇਂਦਰ ਵਿੱਚ ਬਾਰਦਾਨਾ ਉਪਲਬਧ ਨਹੀਂ ਹੈ, ਟੀਮਾਂ ਵੀ ਸ਼ਾਮ ਨੂੰ ਬਹੁਤ ਦੇਰੀ ਨਾਲ ਪਹੁੰਚਦੀਆਂ ਹਨ, ਜਿਸ ਕਾਰਨ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਇੱਕ ਪਾਸੇ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਮੰਡੀ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਹਨ ਅਤੇ ਲਿਫਟਿੰਗ ਨਾ ਹੋਣ ਕਾਰਨ ਨਵੀਂ ਫ਼ਸਲ ਰੱਖਣ ਲਈ ਥਾਂ ਦੀ ਸਮੱਸਿਆ ਪੈਦਾ ਹੋ ਰਹੀ ਹੈ। --- 93 ਹਜ਼ਾਰ ਕੁਇੰਟਲ ਦੀ ਖਰੀਦ ਸੀਮਾ ਪੂਰੀ ਹੋਣ ਦਾ ਹਵਾਲਾ ਇਸ ਸਬੰਧੀ ਜਦੋਂ ਮੰਡੀ ਸੁਪਰਵਾਈਜ਼ਰ ਚਰਨਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਖਰੀਦ ਕੇਂਦਰ ਕਪੂਰੀ ਲਈ ਝੋਨੇ ਦੀ ਖਰੀਦ ਦੀ ਸੀਮਾ 93,000 ਕੁਇੰਟਲ ਨਿਰਧਾਰਤ ਕੀਤੀ ਗਈ ਸੀ, ਜੋ ਪੂਰੀ ਹੋ ਚੁੱਕੀ ਹੈ। ਇਸ ਕਾਰਨ ਖਰੀਦ ਸਬੰਧੀ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰ ਵੱਲੋਂ 37,000 ਕੁਇੰਟਲ ਦੀ ਵਾਧੂ ਖਰੀਦ ਸਮਰੱਥਾ ਵਧਾਉਣ ਦੀ ਮੰਗ ਮਨਜ਼ੂਰੀ ਲਈ ਭੇਜ ਦਿੱਤੀ ਗਈ ਹੈ। -- ਅਧਿਕਾਰੀਆਂ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਧਰਨੇ ਦੌਰਾਨ ਮਾਰਕੀਟ ਕਮੇਟੀ ਘਨੌਰ ਦੇ ਸਕੱਤਰ ਜਸਵਿੰਦਰ ਸਿੰਘ ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਉਨ੍ਹਾਂ ਨੂੰ ਖਰੀਦ ਕੇਂਦਰ ਵਿੱਚ ਬਾਰਦਾਨੇ ਦੀ ਘਾਟ ਸਬੰਧੀ ਜਾਣਕਾਰੀ ਉਸੇ ਦਿਨ ਮਿਲੀ ਹੈ ਅਤੇ ਜਲਦੀ ਹੀ ਬਾਰਦਾਨੇ ਦਾ ਪ੍ਰਬੰਧ ਕਰਵਾਇਆ ਜਾਵੇਗਾ। -- ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ’ਤੇ ਵੀ ਚੁੱਕੇ ਸਵਾਲ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਕਾਰਨ ਬਾਰਦਾਨੇ ਦੀ ਘਾਟ ਪੈਦਾ ਹੋ ਰਹੀ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸਬੰਧਤ ਵਿਭਾਗਾਂ ਦੀ ਕਥਿਤ ਮਿਲੀਭੁਗਤ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਦੀ ਖਰੀਦ ਵਿੱਚ ਬਾਰਦਾਨੇ ਦੀ ਵਰਤੋਂ ਹੋਣ ਨਾਲ ਸਥਾਨਕ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਦੀ ਜਾਂਚ ਅਤੇ ਖਰੀਦ ਪ੍ਰਬੰਧਾਂ ਦੀ ਵੀ ਮੰਗ ਕੀਤੀ। ਇਸ ਮੌਕੇ ਭਜਨ ਸਿੰਘ ਸੌਟਾ, ਨਿਰਮਲ ਸਿੰਘ ਸਰਾਲਾ, ਗੁਰਮੇਲ ਸਿੰਘ, ਰਾਮ ਸਿੰਘ, ਸਰਬਜੀਤ ਸਿੰਘ, ਬਚਨ ਸਿੰਘ ਕਪੂਰੀ ਸਮੇਤ ਹੋਰ ਕਿਸਾਨ ਹਾਜ਼ਰ ਸਨ।