- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਊ ਮਾਮਲੇ ਦੇ ਕੇਸ ਤੋਂ ਬਰੀ ਹੋਏ ਕਿਸਾਨਾਂ ਦਾ ਸਨਮਾਨ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਹਰਿਆਊ ਖੁਰਦ ਦੀ ਪੰਚਾਇਤੀ ਜ਼ਮੀਨ ਉੱਤੇ ਲੰਬੇ ਸਮੇਂ ਤੋਂ ਖੇਤੀ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਕਿਸਾਨਾਂ ਤੋਂ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਚੱਲੇ ਸੰਘਰਸ਼ ਦੇ ਮਾਮਲੇ ਵਿਚ ਜ਼ੇਲ੍ਹ ਜਾਣ ਵਾਲੇ ਜਮਾਨਤ ਤੇ ਚੱਲ ਰਹੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਆਗੂਆਂ, ਸੰਘਰਸ਼ਸ਼ੀਲ ਕਿਸਾਨਾਂ ਤੇ ਸੰਘਰਸ਼ ਵਿਚ ਸਾਥ ਦੇਣ ਵਾਲਿਆਂ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ ਵੱਲੋਂ ਗੁਰਦੁਆਰਾ ਸਾਹਿਬ ਹਰਿਆਊ ਖੁਰਦ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਦੱਸਿਆ ਕਿ 6 ਅਗਸਤ 2015 ਨੂੰ ਹਰਿਆਊ ਖੁਰਦ ਵਿਖੇ ਪੁਲਿਸ ਵੱਲੋਂ ਕੀਤੇ ਗਏ ਜ਼ਬਰ ਦੌਰਾਨ ਵੱਡੇ ਪੱਧਰ ’ਤੇ ਆਬਾਦਕਾਰ ਕਿਸਾਨਾਂ ਨੂੰ ਉਜਾੜਨ ਲਈ ਨਾ ਸਿਰਫ ਲਾਠੀ ਚਾਰਜ ਕੀਤਾ ਸਗੋਂ ਉਨ੍ਹਾਂ ਦੇ ਘਰਾਂ ਦੀ ਵੱਡੇ ਪੱਧਰ ਉੱਤੇ ਭੰਨਤੋੜ ਕੀਤੀ ਗਈ। ਇਸ ਕਬਜ਼ਾ ਕਾਰਵਾਈ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ ਸਮੇਤ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ 22 ਕਿਸਾਨ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ, ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਘੋਲ ਸਦਕਾ ਕਿਸਾਨਾਂ ਨੂੰ ਉਸ ਸਮੇਂ ਜਮਾਨਤ ਤੇ ਛੱਡਿਆ ਗਿਆ ਸੀ ਪਰ ਅਦਾਲਤੀ ਪ੍ਰਕਿਰਿਆ ਦੌਰਾਨ ਕੁਝ ਦਿਨ ਪਹਿਲਾਂ 11 ਸਾਲ ਬਾਅਦ ਕਿਸਾਨਾਂ ਨੂੰ ਬਾਇੱਜਤ ਬਰੀ ਕੀਤਾ ਗਿਆ ਹੈ। ਇਸ ਦੌਰਾਨ ਤਿੰਨ ਕਿਸਾਨ ਵਿਛੋੜਾ ਦੇ ਗਏ ਹਨ ਜਿਸ ਕਰਕੇ ਉਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਹੈ। ਸਨਮਾਨ ਕਰਨ ਨੂੰ ਉਪਰੰਤ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਰਪੋਰੇਟਾਂ ਸਣੇ ਲੈਂਡ ਮਾਫੀਆ ਦੀ ਜ਼ਮੀਨ ਉਤੇ ਅੱਖ ਹੈ। ਜੰਗਲਾਤ ਵਿਭਾਗ ਦੀਆਂ ਜ਼ਮੀਨਾਂ, ਪੰਚਾਇਤੀ ਤੇ ਗਊ ਚਰਾਂਦਾਂ ਵਰਗੀਆਂ ਸਾਂਝੀਆਂ ਜ਼ਮੀਨਾਂ ’ਤੇ ਵੱਡੀਆਂ ਕੰਪਨੀਆਂ, ਰਾਜਨੀਤਿਕ ਲੀਡਰਾਂ ਅਤੇ ਪੁਲਿਸ ਅਫਸਰਾਂ ਵੱਲੋਂ ਕਬਜ਼ੇ ਕੀਤੇ ਜਾ ਰਹੇ ਹਨ। ਇਸ ਲਈ ਕਿਸਾਨਾਂ ਨੂੰ ਹਮੇਸ਼ਾ ਚੋਕਸ ਰਹਿਣਾ ਪਵੇਗਾ। ਉਨ੍ਹਾਂ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ, ਸਮਾਜ ਸੇਵੀ ਆਗੂ ਪਲਵਿੰਦਰ ਕੌਰ, ਐਡਵੋਕੇਟ ਰਾਜੀਵ ਲੋਹਟਬੱਧੀ, ਸਤਵੰਤ ਸਿੰਘ ਵਜੀਦਪੁਰ, ਪ੍ਰੋਫੈਸਰ ਬਾਵਾ ਸਿੰਘ ਆਦਿ ਹਾਜ਼ਰ ਸਨ।