ਕਿਸਾਨ ਰਣਧੀਰ ਸਿੰਘ ਨੇ 20 ਸਾਲ ਤੋਂ ਨਹੀਂ ਸਾੜੀ ਪਰਾਲੀ ਕਿਸਾਨ ਰਣਧੀਰ ਸਿੰਘ ਨੇ 20 ਸਾਲ ਤੋਂ ਨਹੀਂ ਸਾੜੀ ਪਰਾਲੀ
Publish Date: Wed, 04 Nov 2026 04:04 PM (IST)
Updated Date: Thu, 05 Nov 2026 04:02 AM (IST)
ਕਿਹਾ, ਫਸਲ ਦਾ ਝਾੜ ਵੀ ਵੱਧ ਨਿਕਲਦਾ ਤੇ ਖਰਚਾ ਵੀ ਹੁੰਦੈ ਘੱਟ ਕੈਪਸ਼ਨ- ਪਿੰਡ ਸਮੂਰਾਂ ਵਿਖੇ ਕਿਸਾਨ ਸੁਪਰ ਸੀਡਰ ਨਾਲ ਕਣਕ ਬੀਜਦੇ ਸਮੇਂ ਜਾਣਕਾਰੀ ਦਿੰਦੇ ਹੋਏ। ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਜਿੱਥੇ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਕਣਕ ਬੀਜਣ ਲਈ ਜ਼ਮੀਨ ਤਿਆਰ ਕਰਦੇ ਹਨ ਜਦੋਂ ਕਿ ਇਸ ਨਾਲ ਧਰਤੀ ਦਾ ਤੇ ਸਾਡੇ ਮਿੱਤਰ ਕੀੜਿਆਂ ਦਾ ਨੁਕਸਾਨ ਵੀ ਹੁੰਦਾ ਹੈ ਪਰ ਦੂਜੇ ਪਾਸੇ ਕੁਝ ਕਿਸਾਨ ਉਹ ਵੀ ਹਨ ਜੋ ਪਰਾਲੀ ਨੂੰ ਬਿਨਾਂ ਅੱਗ ਲਾਏ ਪਿਛਲੇ ਲੰਮੇ ਸਮੇਂ ਤੋਂ ਕਣਕ ਦੀ ਬਿਜਾਈ ਕਰਦੇ ਆ ਰਹੇ ਹਨ। ਇਸ ਦੀ ਮਿਸਾਲ ਉਦੋਂ ਮਿਲੀ ਜਦੋਂ ਪਿੰਡ ਸਮੂਰਾਂ ਦੇ ਕਿਸਾਨ ਰਣ ਸਿੰਘ ਅਤੇ ਰਣਧੀਰ ਸਿੰਘ ਦੋ ਭਰਾਵਾਂ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਪਿਛਲੇ 20 ਸਾਲਾਂ ਤੋਂ ਕਦੀ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਉਹ ਪਰਾਲੀ ਨੂੰ ਧਰਤੀ ਦੇ ਵਿੱਚ ਗਾਲ ਕੇ ਹੀ ਕਣਕ ਦੀ ਬਿਜਾਈ ਕਰਦੇ ਹਨ। ਜਦੋਂ ਕਿਸਾਨ ਰਣਧੀਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਸ ਨੇ ਕਿਹਾ ਕਿ ਉਹ ਜਦੋਂ ਤੋਂ ਖੁਦ ਖੇਤੀ ਕਰਨ ਲੱਗਿਆ ਹੈ ਉਸ ਸਮੇਂ ਤੋਂ ਹੀ ਜਿਸ ਨੂੰ ਕਿ ਲਗਭਗ 20 ਸਾਲ ਹੋ ਗਏ ਹਨ ਉਸਨੇ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ। ਸਮੇਂ ਦੇ ਅਨੁਸਾਰ ਬਿਜਾਈ ਕਰਨ ਦੇ ਢੰਗ ਜਰੂਰ ਬਦਲੇ ਹਨ ਪਰ ਉਹ ਨਹੀਂ ਬਦਲੇ। ਉਹਨਾਂ ਕਿਹਾ ਕਿ 10-12 ਸਾਲ ਪਹਿਲਾਂ ਉਹ ਕਣਕ ਦੀ ਬਿਜਾਈ ਝੋਨੇ ਦੇ ਕਰਚਿਆਂ ਨੂੰ ਟਰੈਕਟਰ ਦੁਆਰਾ ਵਿੱਚ ਮਿੱਟੀ ਦੇ ਵਾਹ ਕੇ ਅਤੇ ਫਿਰ ਪਾਣੀ ਨਾਲ ਰੌਣੀ ਕਰਕੇ ਬਣਤਰ ਆਉਣ ਉਤੇ ਬੀਜਦੇ ਸਨ। ਪਰ ਹੁਣ ਵਿਗਿਆਨਿਕ ਯੁੱਗ ਹੋਣ ਕਰਕੇ ਖੇਤੀ ਦੇ ਔਜ਼ਾਰਾਂ ਵਿੱਚ ਤਬਦੀਲੀ ਆ ਗਈ ਹੈ। ਅਤੇ ਫਸਲ ਬੀਜਣ ਦੇ ਵਿੱਚ ਵੀ ਤੇਜ਼ੀ ਆ ਗਈ ਹੈ। ਹੁਣ ਉਹ ਜੀਰੀ ਦੇ ਕਰਚਿਆਂ ਨੂੰ ਪਹਿਲਾਂ ਮਲਚਰ ਨਾਲ ਵੱਢ ਕੇ ਮਿੱਟੀ ਵਿੱਚ ਮਿਲਾ ਦਿੰਦੇ ਹਨ। ਉਸ ਤੋਂ ਬਾਅਦ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ। ਉਹ ਦੋਨੋਂ ਭਰਾ ਛੋਟੇ ਕਿਸਾਨ ਹਨ ਉਹਨਾਂ ਕੋਲ ਕੋਈ ਵੀ ਖੇਤੀ ਦਾ ਔਜ਼ਾਰ ਨਹੀਂ ਹੈ। ਉਹ ਫਸਲ ਦੀ ਬਜਾਈ ਤੋਂ ਲੈ ਕੇ ਕਟਾਈ ਤੱਕ ਕਿਰਾਏ ਤੇ ਟਰੈਕਟਰ ਲੈ ਕੇ ਕਰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਉਸ ਦੀ ਜਮੀਨ ਰੋੜਾਂ ਵਾਲੀ ਅਤੇ ਕੁਝ ਕਲਰੀ ਜਮੀਨ ਸੀ। ਜਦੋਂ ਦਾ ਉਹ ਪਰਾਲੀ ਨੂੰ ਜਮੀਨ ਦੇ ਵਿੱਚ ਗਾਲ ਕੇ ਫਸਲ ਬੀਜਣੀ ਸ਼ੁਰੂ ਕੀਤੀ ਹੈ। ਉਸ ਸਮੇਂ ਤੋਂ ਉਸ ਦੀ ਜ਼ਮੀਨ ਦੇ ਵਿੱਚੋਂ ਰੋਡ ਵੀ ਖਤਮ ਹੋ ਗਏ ਹਨ ਅਤੇ ਕਲਰ ਵੀ ਚਲਾ ਗਿਆ ਹੈ। ਕਿਉਂਕਿ ਪਰਾਲੀ ਗਲਣ ਤੋਂ ਬਾਅਦ ਜਿਪਸਮ ਦਾ ਕੰਮ ਕਰਦੀ ਹੈ। ਖਰਚਾ ਤੇ ਉਤਪਾਦਨ ਵੱਧ ਹੁੰਦਾ ਹੈ ਰਣਧੀਰ ਸਿੰਘ ਨੇ ਕਿਹਾ ਕਿ ਉਹ ਆਮ ਕਿਸਾਨਾਂ ਦਾ ਵਹਿਮ ਦੂਰ ਕਰਦੇ ਹਨ ਕਿ ਉਹਨਾਂ ਦੀ ਕਣਕ ਦਾ ਝਾੜ ਕਦੇ ਵੀ ਘੱਟ ਨਹੀਂ ਨਿਕਲਿਆ, ਸਗੋਂ ਆਮ ਕਿਸਾਨਾਂ ਤੋਂ ਵੱਧ ਹੀ ਫਸਲ ਦਾ ਝਾੜ ਨਿਕਲਦਾ ਹੈ। ਇਸ ਦੇ ਨਾਲ ਹੀ ਜਦੋਂ ਪਰਾਲੀ ਮਿੱਟੀ ਦੇ ਵਿੱਚ ਗਲ ਜਾਂਦੀ ਹੈ ਤਾਂ ਉਸ ਦੇ ਵਿੱਚੋਂ ਪੋਟਾਸ਼ ਅਤੇ ਨਾਈਟ੍ਰੋਜਨ ਫਸਲ ਲਈ ਪੈਦਾ ਹੁੰਦਾ ਹੈ। ਜਿਸ ਨਾਲ ਉਸ ਨੂੰ ਰਸਾਇਣਿਕ ਖਾਦ ਦੀ ਮਿਕਦਾਰ ਆਮ ਕਿਸਾਨਾਂ ਨਾਲੋਂ ਘੱਟ ਪਾਉਣ ਦੀ ਲੋੜ ਪੈਂਦੀ ਹੈ। ਜਿਸ ਨਾਲ ਉਸ ਦੀ ਫਸਲ ਉੱਤੇ ਲਾਗਤ ਘਟਦੀ ਹੈ ਅਤੇ ਉਤਪਾਦਨ ਵੱਧਦਾ ਹੈ ਫਸਲ ਦੀ ਗੁਣਵਤਾ ਵੀ ਵੱਧਦੀ ਹੈ।