- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਸਾਲਾ ਬੱਚੀ ’ਤੇ ਹਮਲੇ ਦੇ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸੰਯੁਕਤ ਕਿਸਾਨ ਮੋਰਚਾ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਨਾਭਾ ਨੰਬਰਦਾਰ ਯੂਨੀਅਨ ਵੱਲੋਂ ਐੱਸਡੀਐੱਮ ਤੇ ਡੀਐੱਸਪੀ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕੁਝ ਦਿਨ ਪਹਿਲਾਂ ਪਿੰਡ ਬੋੜਾ ਦੇ ਨੰਬਰਦਾਰ ਹਾਕਮ ਸਿੰਘ ਦੇ ਪੁੱਤਰ ਨਾਲ ਲੁੱਟ-ਖੋਹ ਤੋਂ ਬਾਅਦ ਹੋਏ ਹਮਲੇ ਦੇ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਲੁੱਟ-ਖੋਹ ਦੀ ਘਟਨਾ ਸਬੰਧੀ ਥਾਣੇ ’ਚ ਇਤਲਾਹ ਦੇਣ ਤੋਂ ਬਾਅਦ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਹਾਕਮ ਸਿੰਘ ਦੇ ਪਰਿਵਾਰ ਦੀ ਤਿੰਨ ਸਾਲਾ ਬੱਚੀ ਦੀ ਗਰਦਨ ’ਤੇ ਤਿੱਖੇ ਹਥਿਆਰ ਨਾਲ ਹਮਲਾ ਹੋਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਧਰਨਾਕਾਰੀਆਂ ਅਨੁਸਾਰ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਜ਼ਿੰਦਗੀ ਲਈ ਜੂਝ ਰਹੀ ਹੈ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਘਟਨਾ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰ ਅਤੇ ਇਲਾਕਾ ਵਾਸੀਆਂ ਵਿਚ ਰੋਸ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਵਿਚ ਨਾਮਜ਼ਦ ਜਾਂ ਸ਼ੱਕੀ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਧਰਨੇ ਵਿਚ ਨਾਇਬ ਤਹਿਸੀਲਦਾਰ ਜਗਦੀਸ਼ ਸਿੰਘ ਅਤੇ ਥਾਣਾ ਸਦਰ ਨਾਭਾ ਦੇ ਐੱਸਐੱਚਓ ਵੀ ਪਹੁੰਚੇ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਮਾਮਲੇ ਵਿਚ ਇਨਸਾਫ਼ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਗਪਾਲ ਸਿੰਘ, ਮਹਿੰਦਰ ਸਿੰਘ ਬਿਨਾਹੇੜੀ, ਜਸਵਿੰਦਰ ਸਿੰਘ ਸਾਲੂਵਾਲ, ਅੱਛਰ ਸਿੰਘ ਭੋਜੋ ਮਾਜਰੀ, ਹਰਮੇਲ ਸਿੰਘ ਤੁੰਗਾਂ, ਗੁਰਮੀਤ ਸਿੰਘ ਛੱਜੂਭੱਟ, ਅਮਨ ਦਿਓਲ, ਅਮਨਦੀਪ ਕੌਰ, ਪਰਮਿੰਦਰ ਸਿੰਘ ਬਨੇਰਾ, ਹਰਪ੍ਰੀਤ ਕੌਰ, ਹਰਵਿੰਦਰ ਸਿੰਘ, ਹਾਕਮ ਸਿੰਘ, ਮਨਮੋਹਨ ਸਿੰਘ ਗੁਣੀਕੇ, ਗੁਰਬਖ਼ਸ਼ੀਸ਼ ਸਿੰਘ, ਗੋਪੀ ਕੌਲ, ਨਿਰਮਲ ਸਿੰਘ, ਹਰਜੀਤ ਸਿੰਘ ਅਗੋਲ, ਪਰਮਾਤ ਸਿੰਘ ਨਾਭਾ, ਗੁਰਚਰਨ ਸਿੰਘ ਘਾਣੀਵਾਲ, ਸਤਨਾਮ ਸਿੰਘ ਧਨੌਰਾ, ਅਮਰੀਕ ਸਿੰਘ ਕਨਸੂਹਾ, ਕਾਕਾ ਸਿੰਘ ਕੋਟ, ਰਜਿੰਦਰ ਸਿੰਘ, ਅਵਤਾਰ ਸਿੰਘ ਦੋਦਾ, ਪ੍ਰਿਤਪਾਲ ਸਿੰਘ ਢੀਂਗੀ, ਗਮਦੂਰ ਸਿੰਘ ਬਾਬਰਪੁਰ ਅਤੇ ਧਰਮਪਾਲ ਸਿੰਘ ਸਮੇਤ ਹੋਰ ਜਥੇਬੰਦੀ ਆਗੂ ਤੇ ਵਰਕਰ ਮੌਜੂਦ ਸਨ।