- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦਾ ਇੱਕ-ਇੱਕ ਦਾਣਾ ਪਹਿਲ ਦੇ ਆਧਾਰ ’ਤੇ ਖਰੀਦਿਆ ਜਾਵੇਗਾ : ਡੀਸੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਬੀਜੇ ਝੋਨੇ ਦਾ ਇੱਕ-ਇੱਕ ਦਾਣਾ ਪਹਿਲ ਦੇ ਆਧਾਰ ’ਤੇ ਖਰੀਦਿਆ ਜਾਵੇਗਾ। ਉਹ ਅੱਜ ਝੋਨੇ ਦੀ ਸਰਕਾਰੀ ਖਰੀਦ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਸਬੰਧੀ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਰਹੇ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਝੋਨੇ ਦੀ ਆਮਦ ’ਤੇ ਸਖ਼ਤੀ ਕੀਤੀ ਜਾਵੇਗੀ। ਹਰਿਆਣਾ ਦੀ ਹੱਦ ਨਾਲ ਲੱਗਦੇ ਖੇਤਰਾਂ ਵਿਚ ਪੁਲਿਸ ਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਨਾਕਾਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਸੁਚੱਜੀ ਖਰੀਦ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕਾ ਝੋਨਾ ਲਿਆਉਣ ਲਈ ਪ੍ਰੇਰਿਤ ਕਰਨ। ਨਾਲ ਹੀ ਝੋਨੇ ਦੀ ਕਟਾਈ ਰਾਤ ਸਮੇਂ ਨਾ ਕਰਨ ਤੇ ਨਿਰਧਾਰਤ ਸਮੇਂ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਹੀ ਕੰਬਾਈਨਾਂ ਚਲਾਉਣ ਦੀ ਹਦਾਇਤ ਕੀਤੀ। ਡਾ. ਅਗਰਵਾਲ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮੀਂਹ ਦੇ ਮੱਦੇਨਜ਼ਰ ਤਰਪਾਲਾਂ, ਬਾਰਦਾਨਾ, ਲੇਬਰ, ਲਿਫਟਿੰਗ, ਸਫ਼ਾਈ, ਪੀਣ ਵਾਲੇ ਪਾਣੀ, ਪਖਾਨਿਆਂ ਤੇ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਵੀ ਅਪੀਲ ਕੀਤੀ। ਬੈਠਕ ਵਿਚ ਏਡੀਸੀ ਅਨੁਪ੍ਰਿਤਾ ਜੌਹਲ, ਐਸਪੀ ਰਜੇਸ਼ ਛਿੱਬੜ, ਸਮੂਹ ਐੱਸਡੀਐੱਮਜ਼, ਡੀਐਫਐਸਸੀ ਡਾ. ਰਵਿੰਦਰ ਕੌਰ ਸਮੇਤ ਆੜ੍ਹਤੀਆ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।