ਈਟੀਟੀ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਬੀਤੇ ਦਿਨੀਂ ਹਲਕਾ ਸਨੌਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਕੰਬੋਆ ਵਿਖੇ ਤਾਇਨਾਤ ਈਟੀਟੀ ਅਧਿਆਪਕ ਪ੍ਰਦੀਪ ਕੁਮਾਰ, ਜਿਨ੍ਹਾਂ ਨੂੰ ਨਾਲ ਹੀ ਬੂਥ ਲੈਵਲ ਅਫਸਰ (ਬੀਐੱਲਓ) ਦੇ ਤੌਰ ’ਤੇ ਵੀ ਵਾਧੂ ਕੰਮ ਦਿੱਤਾ ਗਿਆ ਸੀ, ਦੀ ਡਿਊਟੀ ਦੌਰਾਨ ਅਚਾਨਕ ਤਬੀਅਤ ਬਿਗੜਨ ਕਾਰਨ ਮੌਤ ਹੋ ਗਈ। ਇਸ ਸਬੰਧੀ ਅਧਿਆਪਕ ਵਰਗ ’ਚ ਰੋਸ ਪਾਇਆ ਜਾ ਰਿਹਾ ਹੈ ਕਿ ਐੱਸਆਈਆਰ ਦੇ ਕੰਮ ਨੂੰ ਪੂਰਾ ਕਰਨ ਲਈ ਉੱਚ ਅਧਿਕਾਰੀਆਂ ਵੱਲੋਂ ਨਿੱਤ ਦਿਨ ਦਾ ਪਾਇਆ ਜਾ ਰਿਹਾ ਦਬਾਅ ਮੌਤ ਦਾ ਕਾਰਨ ਬਣਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਐੱਸਆਈਆਰ ਦੇ ਤਹਿਤ ਮੈਪਿੰਗ ਤੇ ਹੋਰ ਕੰਮ ਦਿੱਤੇ ਹੋਏ ਸਨ, ਉਨ੍ਹਾਂ ਦਾ ਅਧਿਆਪਕਾਂ ਤੇ ਬਹੁਤ ਜਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕ ਮਾਨਸ਼ਿਕ ਪਰੇਸ਼ਾਨੀ ਦੇ ਆਲਮ ’ਚੋਂ ਗੁਜਰ ਰਹੇ ਹਨ। ਅਧਿਆਪਕਾਂ ਦਾ ਰੋਸ ਹੈ ਕਿ ਬੀਐੱਲਓ ਤੇ ਬੇਲੋੜਾ ਦਬਾਅ, ਬੇਲੋੜੀਆਂ ਮੀਟਿੰਗਾਂ, ਬੇਲੋੜੀਆਂ ਟ੍ਰੇਨਿੰਗਾਂ ਲਗਾ ਕੇ ਉਨਾਂ ਤੇ ਪ੍ਰੈਸ਼ਰ ਬਣਾ ਕੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਐੱਸਆਈਆਰ ਦਾ ਕੰਮ ਅੰਕੜਿਆਂ ’ਤੇ ਆਧਾਰਿਤ ਹੈ ਤੇ ਮੀਟਿੰਗਾਂ ’ਚ ਅੰਕੜੇ ਦਿਖਾ ਕੇ ਉਨ੍ਹਾਂ ਨੂੰ ਛੇਤੀ ਕੰਮ ਕਰਨ ਲਈ ਧੱਕੇ ਨਾਲ ਮਜਬੂਰ ਕੀਤਾ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਇਸੇ ਕਰਕੇ ਪ੍ਰਦੀਪ ਕੁਮਾਰ ਦਬਾਅ ਨਾ ਚਲਦੇ ਹੋਏ ਮਾਨਸਿਕ ਤੌਰ ’ਤੇ ਪਰੇਸ਼ਾਨ ਹੋਏ ਅਤੇ ਬੀਐੱਲਓ ਡਿਊਟੀ ਕਰਦੇ ਹੋਏ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਪਰਮਜੀਤ ਸਿੰਘ ਪਟਿਆਲਾ ਨੇ ਆਖਿਆ ਕਿ ਆਪ ਸਰਕਾਰ ਬਣਨ ਤੋਂ ਸਾਰੇ ਆਗੂਆਂ ਨੇ ਪੰਜਾਬ ’ਚ ਅਧਿਆਪਕਾਂ ਤੋਂ ਗੈਰ ਵਿਦਿਅਕ, ਗੈਰ ਜ਼ਰੂਰੀ ਕੰਮਾਂ ਲਈ ਡਿਊਟੀਆਂ ਨਾ ਲਾਉਣ ਦੀ ਵੱਡੇ ਪੱਧਰ ਤੇ ਘੋਸ਼ਣਾ ਕੀਤੀ ਸੀ ਪਰ ਸਰਕਾਰ ਬਣਨ ਤੋਂ ਚਾਰ ਸਾਲ ਮਗਰੋਂ ਕਿਸੇ ਕਿਸਮ ਦੀ ਹੁਣ ਤੱਕ ਅਧਿਆਪਕਾਂ ਦੀ ਗੈਰ ਵਿੱਦਿਅਕ, ਗੈਰ ਜ਼ਰੂਰੀ ਕੰਮਾਂ ਤੋਂ ਡਿਊਟੀਆਂ ਨਹੀਂ ਕੱਟੀਆਂ ਗਈਆਂ, ਜਿਸ ਕਾਰਨ ਅਧਿਆਪਕ ਮਾਨਸ਼ਿਕ ਪਰੇਸ਼ਾਨੀ ਝੱਲ ਰਹੇ ਹਨ। ਜੀਟੀਯੂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਦੀਪ ਕੁਮਾਰ ਨੂੰ ਇਕ ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਸ ਦੀ ਘਰਵਾਲੀ ਅਤੇ ਬੱਚਿਆਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਪਾਸੇ ਫੌਰੀ ਧਿਆਨ ਨਹੀਂ ਦਿੱਤਾ ਤਾਂ ਪੰਜਾਬ ਭਰ ’ਚ ਸਮੁੱਚੇ ਅਧਿਆਪਕ ਵਰਗ ਦੇ ਨਾਲ ਸਮੁੱਚਾ ਬੀਐੱਲਓ ਵਰਗ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਸੰਘਰਸ਼ ਉਲੀਕੇਗਾ। ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਰਿੰਦਰ ਸਿੰਘ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ, ਜੁੱਗ ਪ੍ਰਗਟ ਸਿੰਘ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ ਆਦਿ ਸਮੇਤ ਹੋਰ ਵੀ ਹਾਜ਼ਰ ਸਨ।
-ਜਨਲੇਵਾ ਸਾਬਿਤ ਹੋ ਰਿਹਾ ਗੈਰ-ਵਿੱਦਿਅਕ ਕੰਮਾਂ ਦਾ ਬੋਝ : ਡੀਟੀਐੱਫ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਸਿੰਘ ਚੌਧਰੀ ਅਤੇ ਵਿੱਤ ਸਕੱਤਰ ਰਾਜਿੰਦਰ ਸਿੰਘ ਸਮਾਣਾ ਨੇ ਆਖਿਆ ਕਿ 'ਵਿਸ਼ੇਸ਼ ਸੁਧਾਈ ਮੁਹਿੰਮ' ਵਿਚ ਵੋਟਰ ਬਣੇ ਰਹਿਣ ਲਈ ਕਈ ਤਰ੍ਹਾਂ ਦੀਆਂ ਬੇਲੋੜੀਆਂ ਤੇ ਸਖਤ ਸ਼ਰਤਾਂ ਲਗਾਈਆਂ ਗਈਆਂ ਹਨ ਜਿਸ ਕਾਰਨ ਇਹ ਕੰਮ ਕਾਫੀ ਲਮਕਵਾਂ ਹੋ ਜਾਂਦਾ ਹੈ ਅਤੇ ਇਸ ਦੇ ਉਲਟ ਅਫ਼ਸਰਸ਼ਾਹੀ ਵੱਲੋਂ ਬੀਐੱਲਓਜ਼ 'ਤੇ ਕੰਮ ਨੂੰ ਜਲਦ ਪੂਰਾ ਕਰਨ ਲਈ ਅਥਾਹ ਦਬਾਅ ਪਾਇਆ ਜਾ ਰਿਹਾ ਹੈ। ਜਿਸ ਦਾ ਖਮਿਆਜਾ ਕਰਮਚਾਰੀਆਂ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਦੇਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵੋਟਾਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕੇ ਗੈਰ ਵਿੱਦਿਅਕ ਕੰਮਾਂ( ਵੋਟਾਂ ਦੀ ਵਿਸ਼ੇਸ਼ ਸੁਧਾਈ) ਦੇ ਬੋਝ ਕਾਰਨ ਹੀ ਪਿਛਲੇ ਮਹੀਨੇ ਫਗਵਾੜਾ ਵਿਖੇ ਵੀ ਡਰਾਇੰਗ ਟੀਚਰ ਅਵਤਾਰ ਸਿੰਘ ਦੀ ਮੌਤ ਹੋਈ ਸੀ।