ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਸਰਕਾਰ : ਖੁੱਡੀਆਂ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ- ਖੁੱਡੀਆਂ
Publish Date: Sun, 16 Aug 2026 04:38 PM (IST)
Updated Date: Sun, 16 Aug 2026 04:38 PM (IST)
ਸੀਨੀਅਰ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਮੌਕੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਨੇ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ, ਮਾਰਚ ਪਾਸਟ ਤੋਂ ਸਲਾਮੀ ਲਈ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੇ ਉਤਰਾਧਿਕਾਰੀਆਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਐੱਸਐੱਸਪੀ ਵਰੁਣ ਸ਼ਰਮਾ ਵੀ ਮੌਜੂਦ ਸਨ। ਮੰਤਰੀ ਖੁੱਡੀਆਂ ਨੇ ਦੇਸ਼ ਦੀ ਆਜ਼ਾਦੀ ਲਹਿਰਾਂ ਦੇ ਆਜ਼ਾਦੀ ਪਰਵਾਨਿਆਂ ਅਤੇ ਹੋਰ ਆਜ਼ਾਦੀ ਸੰਘਰਸ਼ਾਂ ਚ ਹਿੱਸਾ ਲੈਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਇਸ ਮੌਕੇ ਆਪਣਾ ਸੰਦੇਸ਼ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੌਜੂਦਾ ਸਰਕਾਰ ਦੇ ਗਠਨ ਦੇ ਪਹਿਲੇ ਦਿਨ ਹੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਹੁੰ ਚੁੱਕੀ ਸੀ ਅਤੇ ਇਸ ਉਪਰ ਪੰਜਾਬ ਸਰਕਾਰ ਪੂਰਾ ਉਤਰਨ ਲਈ ਵਚਨਬੱਧਤਾ ਪੂਰੀ ਤਰ੍ਹਾਂ ਨਿਭਾਅ ਰਹੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਆਪਣੀ ਮਿੱਟੀ ਤੇ ਧਰਤੀ ਹੇਠਲੇ ਪਾਣੀ ਦਾ ਨੁਕਸਾਨ ਕਰਵਾ ਕੇ ਵੀ ਦੇਸ਼ ਦੇ ਅਨਾਜ਼ ਭੰਡਾਰ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਵਿਚ ਕੀਤੀਆਂ ਸਕਰਾਤਮਕ ਪਹਿਲਕਦਮੀਆਂ ਸਦਕਾ ਆਏ ਬਦਲਾਅ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬੀਤੇ ਸਾਉਣੀ ਸੀਜਨ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 53 ਫੀਸਦੀ ਕਮੀ ਆਈ ਹੈ ਤੇ 1.58 ਲੱਖ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਮਸ਼ੀਨਾਂ ਤੇ 50 ਤੋ 80 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਗਈ ਹੈ। ਇਸੇ ਤਰ੍ਹਾਂ ਹੀ 7200 ਕਰੋੜ ਰੁਪਏ ਖਰਚ ਕਰਕੇ ਨਹਿਰੀ ਸਿੰਚਾਈ ਵਿਚ ਵੱਡਾ ਸੁਧਾਰ ਕੀਤਾ ਤੇ ਧਰਤੀ ਹੇਠਲੇ ਪਾਣੀ ਥਾਂ ਨਹਿਰੀ ਪਾਣੀ ਦੀ ਸਿੰਚਾਈ ਲਈ ਵਰਤੋਂ ਵਿਚ ਵੀ ਇਜਾਫ਼ਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾ ਰਹੀ ਹੈ ਅਤੇ ਇਸ ਤੋਂ ਬਿਨ੍ਹਾਂ ਹਮਾਰੇ ਰਾਮ ਨਾਟਕ ਤੇ ਇਕ ਸ਼ਾਮ ਸ਼ਿਵ ਕੇ ਨਾਮ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ ਅਤੇ ਪਹਿਲਾਂ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਵੀ ਸ਼ਰਧਾ ਨਾਲ ਮਨਾਇਆ ਹੈ। ਇਸ ਦੌਰਾਨ ਪਰੇਡ ਕਮਾਂਡਰ ਡੀਐੱਸਪੀ ਫਤਹਿ ਸਿੰਘ ਬਰਾੜ ਦੀ ਅਗਵਾਈ ਹੇਠ ਸ਼ਾਨਦਾਰ ਪਰੇਡ ਵਿੱਚ ਸ਼ਾਮਲ 10 ਟੁੱਕੜੀਆਂ ਆਈਟੀਬੀਪੀ, ਪਟਿਆਲਾ ਪੁਲਿਸ, ਹੋਮ ਗਾਰਡਜ਼, ਐਨਸੀਸੀ, ਪਹਿਲੀ ਆਈ ਆਰ.ਬੀ ਦਾ ਪਾਈਪ ਬੈਂਡ, ਰੈਡ ਕਰਾਸ ਸੈਂਟ ਜੋਹਨ ਐਂਬੂਲੈਂਸ ਬ੍ਰਿਗੇਡ ਪੁਰਾਣੀ ਪੁਲਿਸ ਲਾਈਨ ਸਕੂਲ ਤੇ ਗਾਈਡ ਸੁਕੈਡ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ ਅਤੇ ਕੈਬਨਿਟ ਮੰਤਰੀ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਮੁੱਖ ਮਹਿਮਾਨ ਨੇ ਇੰਡੀਅਨ ਰੈਡ ਕਰਾਸ ਸੁਸਾਇਟੀ ਪਟਿਆਲਾ 7 ਲਾਭਪਾਤਰੀ ਤੇ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, 6 ਟ੍ਰਾਈਸਾਈਕਲ ਤੇ 1 ਵ੍ਹੀਲ ਚੇਅਰ ਦੀ ਵੰਡ ਵੀ ਕੀਤੀ। ਕੈਬਨਿਟ ਮੰਤਰੀ ਨੇ ਆਜ਼ਾਦੀ ਦਿਵਸ ਮਨਾਉਣ ਦੀ ਖੁਸ਼ੀ ਵਿਚ ਸੋਮਵਾਰ 17 ਅਗਸਤ ਨੂੰ ਪਟਿਆਲਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਜਦਕਿ ਮੀਰੀ ਪੀਰੀ ਰਣਜੀਤ ਅਖਾੜਾ ਬੁੱਢਾ ਦਲ ਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਗਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਗਏ। ਇਸ ਦੌਰਾਨ ਸਿੱਖਿਆ, ਪੁਲਿਸ, ਸਿਹਤ, ਜੰਗਲਾਤ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਖੇਤੀਬਾੜੀ ਤੇ ਕਿਸਾਨ ਭਲਾਈ ਤੇ ਖੇਡ ਵਿਭਾਗਾਂ ਸਮੇਤ ਨਗਰ ਨਿਗਮ ਦੀਆਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਕੈਬਨਿਟ ਮੰਤਰੀ ਖੁੱਡੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਕੈਬਨਿਟ ਮੰਤਰੀ ਖੁੱਡੀਆਂ ਨੇ ਜ਼ਿਲ੍ਹੇ ਦੇ 4 ਸ਼ਹੀਦ ਪਰਿਵਾਰਾਂ ਅਤੇ ਯੂਪੀਐਸਸੀ ਦਾ ਇਮਤਿਹਾਨ ਪਾਸ ਕਰਕੇ ਆਈਏਐਸ ਬਣਨ ਵਾਲੇ ਸਿਮਰਨਦੀਪ ਕੌਰ, ਰਸਨੀਤ ਕੌਰ ਤੇ ਜਯੰਤ ਗਰਗ ਦਾ ਸਨਮਾਨ ਕੀਤਾ। ਸਮਾਗਮ ਦੇ ਅਰੰਭ ਅਤੇ ਅਖੀਰ ਵਿਚ ਦੋ ਵਾਰ ਰਾਸ਼ਟਰੀ ਗੀਤ ਵੰਦੇ ਮਾਤਰਮ ਗਾ ਕੇ ਭਾਰਤ ਮਾਤਾ ਪ੍ਰਤੀ ਸਤਿਕਾਰ ਤੇ ਆਜ਼ਾਦੀ ਸੰਘਰਸ਼ ਦੇ ਲੱਖਾਂ ਭਾਰਤੀਆਂ ਦੇ ਸੰਘਰਸ਼ ਨੂੰ ਯਾਦ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਲਾਲ ਘਨੌਰ, ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ, ਮੇਅਰ ਕੁੰਦਨ ਗੋਗੀਆ, ਚੇਅਰਮੈਨ ਤੇਜਿੰਦਰ ਮਹਿਤਾ, ਹਰਪਾਲ ਸਿੰਘ ਵਿਰਕ, ਜਗਦੀਪ ਜੱਗਾ, ਬਲਜਿੰਦਰ ਸਿੰਘ ਢਿੱਲੋਂ, ਅਸ਼ੋਕ ਸਿਰਸਵਾਲ, ਸੰਜੀਵ ਗੁਪਤਾ ਤੇ ਗੁਰਪ੍ਰੀਤ ਸਿੰਘ ਧਮੋਲੀ, ਜ਼ਿਲ੍ਹਾ ਅਤੇ ਸੈਸ਼ਨਜ ਜੱਜ ਅਵਤਾਰ ਸਿੰਘ, ਪਦਮਸ੍ਰੀ ਜਗਜੀਤ ਸਿੰਘ ਦਰਦੀ ਤੇ ਰੰਗਰਕਮੀ ਸ੍ਰੀ ਪ੍ਰਾਣ ਸੱਭਰਵਾਲ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਲਾਅ ਯੂਨੀਵਰਸਿਟੀ ਦੇ ਵੀਸੀ ਡਾ. ਜੈਸ਼ੰਕਰ ਸਿੰਘ, ਓਪਨ ਯੂਨੀਵਰਸਿਟੀ ਦੇ ਵੀ.ਸੀ. ਡਾ. ਰਤਨ ਸਿੰਘ, ਡਿਵਜੀਨਲ ਕਮਿਸ਼ਨਰ ਵਿਨੈ ਬੁਬਲਾਨੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ ਵਰੁਣ ਸ਼ਰਮਾ, ਸਮੇਤ ਹੋਰ ਵੀ ਮੌਜੂਦ ਸਨ।