ਮੁਲਾਜ਼ਮਾਂ ਦੀ ਹੜਤਾਲ ਅੱਜ, ਸਰਕਾਰੀ ਦਫ਼ਤਰਾਂ ’ਚ ਕੰਮ ਬੰਦ ਮੁਲਾਜ਼ਮਾਂ ਦੀ ਹੜਤਾਲ ਅੱਜ- ਸਰਕਾਰੀ ਦਫਤਰਾਂ ’ਚ ਕੰਮ ਬੰਦ- ਬਜਾਰ ਰਹਿਣਗੇ ਖੁੱਲ੍ਹੇ
Publish Date: Wed, 26 Aug 2026 06:56 PM (IST)
Updated Date: Wed, 26 Aug 2026 06:58 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਹੋਰ ਸਰਕਾਰੀ ਕਰਮਚਾਰੀ ਜਥੇਬੰਦੀਆਂ ਦੀ ਅਗਵਾਈ ਹੇਠ ਸਰਕਾਰੀ ਮੁਲਾਜ਼ਮਾਂ ਵੱਲੋਂ ਅੱਜ (27 ਅਗਸਤ) ਨੂੰ ਮਹਾ-ਹੜਤਾਲ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਵੱਖ ਵੱਖ ਵਿਭਾਗ ਦੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਇਸ ਹੜਤਾਲ ’ਚ ਸਰਕਾਰੀ ਸਕੂਲਾਂ, ਕਾਲਜਾਂ, ਸਿਹਤ ਸੰਸਥਾਵਾਂ ਤੇ ਹੋਰਨਾਂ ਸਰਕਾਰੀ ਦਫਤਰਾਂ ਦੇ ਮੁਲਾਜ਼ਮਾਂ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇਗੀ। 27 ਅਗਸਤ ਨੂੰ ਪੰਜਾਬ ਬੰਦ ਦੀ ਦਿੱਤੀ ਕਾਲ ਦੌਰਾਨ ਹੜਤਾਲ ਨੂੰ ਲੈ ਕੇ ਜਿੱਥੇ ਆਮ ਲੋਕਾਂ ’ਚ ਦੁਵਿਦਾ ਹੈ ਕਿ ਪਹਿਲਾਂ ਦੀ ਤਰ੍ਹਾਂ ਪੰਜਾਬ ਬੰਦ ਦੌਰਾਨ ਸਾਰਾ ਕੁਝ ਬੰਦ ਰਹੇਗਾ ਜਾਂ ਕੁਝ ਰਾਹਤ ਹੋਵੇਗੀ, ਉਸ ਬਾਰੇ ਮੁਲਾਜ਼ਮ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਦਫਤਰਾਂ ’ਚ ਕੰਮਕਾਜ ਠੱਪ ਰਹੇਗਾ ਤੇ ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਰੋਸ ਧਰਨੇ ਦਿੱਤੇ ਜਾਣਗੇ ਪਰ ਬਾਜ਼ਾਰ ਆਮ ਵਾਂਗ ਖੁੱਲ੍ਹਣਗੇ ਤੇ ਸੜਕੀ ਆਵਾਜਾਈ ਵੀ ਜਾਰੀ ਰਹੇਗੀ। ਪ੍ਰੰਤੂ ਸਰਕਾਰੀ ਸਿਹਤ ਸੰਸਥਾਵਾਂ ਦੇ ਡਾਕਟਰੀ ਸਟਾਫ ਸਟਾਫ ਸਮੇਤ ਹੋਰਨਾਂ ਨੇ ਵੀ ਐਲਾਨ ਕੀਤਾ ਹੈ ਕਿ ਸਿਹਤ ਸੇਵਾਵਾਂ ਦੌਰਾਨ ਓਪੀਡੀ ਸਮੇਤ ਕਈ ਸੇਵਾਵਾਂ ਬੰਦ ਰਹਿਣਗੀਆਂ। ਹਾਲਾਂਕਿ ਐਮਰਜੈਂਸੀ ਸੇਵਾਵਾਂ, ਐੱਮਸੀਐੱਚ ਸੇਵਾਵਾਂ, ਐਮਰਜੈਂਸੀ ਸਰਜਰੀਆਂ, ਅੰਦਰੂਨੀ ਮਰੀਜ਼ਾਂ ਦੇ ਦਾਖਲੇ, ਮੈਡੀਕੋ-ਲੀਗਲ ਤੇ ਪੋਸਟਮਾਰਟਮ ਕਾਰਜ ਅਤੇ ਨਿਆਂਇਕ ਮੈਡੀਕਲ ਜਾਂਚਾਂ ਵਰਗੀਆਂ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਇਸ ਦੌਰਾਨ ਜਿਲ੍ਹੇ ਦੇ ਅਧਿਆਪਕਾਂ ਵੱਲੋਂ ਵੀ ਆਪਣੇ ਸਾਥੀਆਂ ਨੂੰ ਸਮੂਹਿਕ ਛੁੱਟੀ ਭਰ ਕੇ ਹੜਤਾਲ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਤੇ ਸਕੂਲ ਬੰਦ ਰੱਖਣ ਦੀ ਅਪੀਲ ਕੀਤੀ ਹੈ। ਹੜਤਾਲ ਨੂੰ ਸਫਲ ਬਣਾਉਣ ਲਈ ਕਰਮਚਾਰੀ ਆਪਣੇ ਸਾਥੀਆਂ ਨੂੰ ਇੰਟਰਨੈਟ ਮੀਡੀਆਂ ਤੇ ਹੋਰਨਾਂ ਪਲੇਟ ਫਾਰਮਾਂ ’ਤੇ ਸੁਨੇਹੇ ਲਗਾ ਰਹੇ ਹਨ। ਡੱਬੀ- ਕੀ ਹਨ ਮੰਗਾਂ - ਸਮੂਹ ਕਰਮਚਾਰੀ 18 ਫੀਸਦ ਮਹਿੰਗਾਈ ਭੱਤਾ ਲਗਾਉਣ, ਓਪੀਐੱਸ ਦੀ ਬਹਾਲੀ, ਡੀਏ ਦੀਆਂ ਬਕਾਇਆ ਕਿਸ਼ਤਾਂ/ਏਰੀਅਰ, 7ਵੇਂ ਪੇ ਕਮਿਸ਼ਨ ਦੀਆਂ ਅਨਾਮਲੀਆਂ ਦਾ ਹੱਲ ਸਮੇਤ ਹੋਰਨਾਂ ਵਿਭਾਗੀ ਮੰਗਾਂ ਸਾਮਲ ਹਨ, ਜਿਨ੍ਹਾਂ ਨੂੰ ਲੈ ਕੇ ਸਰਕਾਰੀ ਕਰਚਾਰੀਆਂ ਨੇ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਵਿੱਢੀ ਹੋਈ ਹੈ। -ਸਰਕਾਰੀ ਡਾਕਟਰ ਵੀ ਹੜਤਾਲ ’ਚ ਹੋਣਗੇ ਸ਼ਾਮਲ ਸਰਕਾਰੀ ਡਾਕਟਰ/ ਮੈਡੀਕਲ ਅਫ਼ਸਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸ਼ੀਏਸ਼ਨ ਵੱਲੋਂ ਪਹਿਲਾਂ ਤੋਂ ਰੋਸ ਮੁਜ਼ਾਹਰੇ ਕਰ ਰਹੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਤੇ ਹੋਰ ਸਰਕਾਰੀ ਕਰਮਚਾਰੀ ਜਥੇਬੰਦੀਆਂ ਵੱਲੋਂ ਆਪਣੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਪ੍ਰਤੀ ਪੂਰਨ ਸਮਰਥਨ ਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਪਟਿਆਲਾ ਨੂੰ ਮੰਗ ਪੱਤਰ ਦਿੰਦੇ ਹੋਏ 27 ਅਗਸਤ ਨੂੰ 2026 ਨੂੰ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸੁਮੀਤ ਸਿੰਘ ਦੇ ਨਾਲ ਡਾ. ਰਚਨਾ, ਡਾ. ਜਸਵਿੰਦਰ, ਡਾ. ਨਿਧੀ, ਡਾ. ਪਰਨੀਤ, ਡਾ. ਇੰਦਰਪ੍ਰੀਤ, ਡਾ. ਸੰਦੀਪ, ਡਾ. ਨਿਰਮਲ, ਡਾ. ਦਿਲਮੋਹਨ ਸਮੇਤ ਸਿਵਲ ਸਰਜਨ ਦਫ਼ਤਰ ਅਤੇ ਮਾਤਾ ਕੁਸ਼ਲਿਆ ਹਸਪਤਾਲ ਸਮੇਤ ਜ਼ਿਲ੍ਹੇ ਭਰ ਦੇ ਹਸਪਤਾਲਾਂ ਦੇ ਡਾਕਟਰ ਮੌਜੂਦ ਸਨ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਫੈਸਲਾ ਕੀਤਾ ਗਿਆ ਹੈ ਕਿ 27 ਅਗਸਤ ਨੂੰ ਸਾਰੇ ਸਿਵਲ ਹਸਪਤਾਲ ਅਤੇ ਸਰਕਾਰੀ ਸਿਹਤ ਕੇਂਦਰਾਂ ਵਿਚ ਓਪੀਡੀ ਸੇਵਾਵਾਂ ਇੱਕ ਦਿਨ ਲਈ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ ਅਤੇ ਪਹਿਲਾ ਤੋਂ ਮਿੱਥੇ ਆਪ੍ਰੇਸ਼ਨ ਸਰਜਰੀ ਵੀ ਮੁਅੱਤਲ ਰਹਿਣਗੀਆਂ। ਡੱਬੀ -ਪੰਜਾਬ ਦੇ ਓਟ ਕਲੀਨਿਕ ਵੀ ਰਹਿਣਗੇ ਬੰਦ ਪੰਜਾਬ ਮਿਨੀਸਟ੍ਰੀਅਲ ਸਟਾਫ਼ ਯੂਨੀਅਨ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸੂਬਾ-ਪੱਧਰੀ ਹੜਤਾਲ ਦੇ ਸੱਦੇ ਦੀ ਪੂਰਨ ਹਮਾਇਤ ਕਰਦਿਆਂ ਗੌਰਮਿੰਟ ਡਰੱਗ ਡੀ-ਐਡਿਕਸ਼ਨ ਅਤੇ ਰੀਹੈਬਲੀਟੇਸ਼ਨ ਐਮਪਲਾਇਜ਼ ਯੂਨੀਅਨ, ਪੰਜਾਬ ਨੇ 27 ਅਗਸਤ 2026 (ਦਿਨ ਵੀਰਵਾਰ) ਨੂੰ ਸੂਬੇ ਭਰ ਦੇ ਸਮੂਹ ‘ਓਟ’ ਕਲੀਨਿਕਾਂ ਨੂੰ ਇਕ ਰੋਜ਼ਾ ਸਮੂਹਿਕ ਛੁੱਟੀ ਲੈ ਕੇ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਡੀ-ਐਡਿਕਸ਼ਨ ਅਤੇ ਰੀਹੈਬਲੀਟੇਸ਼ਨ ਕੇਂਦਰਾਂ ਵਿੱਚ ਤੈਨਾਤ ਸਮੂਹ ਸਟਾਫ਼ (ਜਿਵੇਂ ਕਿ ਕਾਊਂਸਲਰ, ਸਟਾਫ਼ ਨਰਸਾਂ, ਡਾਟਾ ਐਂਟਰੀ ਓਪਰੇਟਰ ਅਤੇ ਵਾਰਡ ਅਟੈਂਡੈਂਟ) 27 ਅਗਸਤ ਨੂੰ ਸਮੂਹਿਕ ਛੁੱਟੀ ਤੇ ਰਹਿ ਕੇ ਰੋਸ ਪ੍ਰਦਰਸ਼ਨ ਅਤੇ ਧਰਨਿਆਂ ਵਿੱਚ ਸ਼ਮੂਲੀਅਤ ਕਰਨਗੇ। ਡੱਬੀ -ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਹੜਤਾਲ ਦਾ ਸਮਰਥਨ ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਨੇ 27 ਅਗਸਤ 2026 ਦੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਡੀ ਐਸੋਸੀਏਸ਼ਨ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕਾਂ ਲਈ ਚੱਲ ਰਹੇ ਹਰ ਜਾਇਜ਼, ਸ਼ਾਂਤਮਈ ਅਤੇ ਲੋਕਤੰਤਰਿਕ ਸੰਘਰਸ਼ ਦਾ ਸਮਰਥਨ ਕਰਦੀ ਰਹੇਗੀ। ਇਸ ਮੌਕੇ ਐਸੋਸੀਏਸ਼ਨ ਦੀ ਚੇਅਰਪਰਸਨ ਆਰਤੀ ਬਾਲੀ,ਮੁੱਖ ਬੁਲਾਰੇ ਜੋਤੀ ਸ਼ਰਮਾ,ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਜੀਵਨ ਸਿੰਘ, ਪ੍ਰੈੱਸ ਸਕੱਤਰ ਚਰਨਜੀਤ ਕੌਰ, ਮੁੱਖ ਸਲਾਹਕਾਰ ਦਲੇਰ ਸਿੰਘ ਪੰਨੂ, ਵਾਈਸ ਪ੍ਰਧਾਨ ਜਤਿੰਦਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਕੰਗ,ਮੀਡੀਆ ਇੰਚਾਰਜ ਕਿਰਨਦੀਪ ਕੌਰ ਸਮੇਤ ਹੋਰ ਵੀ ਹਾਜ਼ਰ ਸਨ। ਡੱਬੀ- ‘ਅਧਿਆਪਕ ਗਰੁੱਪਾਂ ’ਚ ਗੱਦਾਰੀ ਭੱਤਾ ਨਾ ਲੈਣ ਦਾ ਮੈਸਜ਼ ਵਾਈਰਲ ਹੜਤਾਲ ਨੂੰ ਲੈਕੇ ਜਿੱਥੇ ਕਰਮਚਾਰੀਆਂ ਵੱਲੋਂ ਆਪੋਂ ਆਪਣੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਲਾਮਬੰਦ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ ਉਥੇ ਅਧਿਆਪਕਾਂ ਨੂੰ ਵੀ ਹੜਤਾਲ ਦਾ ਹਿੱਸਾ ਬਣਨ ਤੇ ‘ਗਦਾਰੀ ਭੱਤਾ’ ਨਾ ਲੈਣ ਦਾ ਵਿਅੰਗਆਤਮਕ ਮੈਸਜ ਅਧਿਆਪਕ ਗਰੁੱਪਾਂ ’ਚ ਵਾਈਰਲ ਹੋ ਰਿਹਾ ਹੈ। ਗਰੁੱਪਾਂ ’ਚ ਘੁੰਮ ਰਹੇ ਮੈਸਜ਼ ਅਨੁਸਾਰ 1978 (ਕੁਝ ਇਤਿਹਾਸਕ ਹਵਾਲਿਆਂ ਅਨੁਸਾਰ 1980 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ) ’ਚ ਜਦੋਂ ਅਧਿਆਪਕਾਂ ਅਤੇ ਸਰਕਾਰੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਇਤਿਹਾਸਕ ਅਤੇ ਲੰਮੀ ਹੜਤਾਲ ਕੀਤੀ ਸੀ, ਜਿਸ ਦੌਰਾਨ ਸਕੂਲਾਂ ਨੂੰ ਚਾਲੂ ਰੱਖਣ ਲਈ ਸਰਕਾਰ ਨੇ ਐਲਾਨ ਕੀਤਾ ਕਿ ਜਿਹੜੇ ਅਧਿਆਪਕ ਹੜਤਾਲ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਡਿਊਟੀ ਤੇ ਆਉਣਗੇ, ਉਨ੍ਹਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਵਿੱਤੀ ਭੱਤਾ ਜਾਂ ਵਾਧੂ ਇੰਕਰੀਮੈਂਟ ਦਿੱਤਾ ਜਾਵੇਗਾ, ਜਿਸ ਕਾਰਨ ਕਈ ਅਧਿਆਪਕਾਂ ਨੇ ਡਿਊਟੀਆਂ ਕੀਤੀਆਂ। ਅਧਿਆਪਕ ਯੂਨੀਅਨਾਂ ਅਤੇ ਹੜਤਾਲੀ ਮੁਲਾਜ਼ਮਾਂ ਨੇ ਜਥੇਬੰਦਕ ਸਾਂਝ ਨੂੰ ਪਿੱਠ ਦਿਖਾਉਣ ਬਦਲੇ ਇਸ ਵਿਸ਼ੇਸ਼ ਭੱਤੇ ਨੂੰ ਵਿਅੰਗ ਅਤੇ ਤਅਨੇ ਵਜੋਂ ਗੱਦਾਰੀ ਭੱਤਾ ਦਾ ਨਾਮ ਦਿੱਤਾ। ਵਾਈਰਲ ਮੈਸਜ ਅਨੁਸਾਰ ਇਸ ਵਾਰ ਗਦਾਰੀ ਭੱਤਾ ਨਾ ਲੈਣ ਦੀ ਅਪੀਲ ਕੀਤੀ। - ਬੱਸਾਂ ਚੱਲਣਗੀਆਂ ਪਨ ਬੱਸ-ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਵਿੱਤ ਤੇ ਟਰਾਂਸਪੋਰਟ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਮੰਗਾਂ ਮੰਨਣ ਦੇ ਦਿੱਤੇ ਭਰੋਸੇ ਉਪਰੰਤ ਹੜਤਾਲ ਦਾ ਹਿੱਸਾ ਨਾ ਬਣ ਕੇ ਸਰਕਾਰੀ ਬੱਸਾਂ ਚਲਾਉਣ ਦਾ ਐਲਾਨ ਕੀਤਾ ਹੈ। ਜਥੇਬੰਦੀ ਵੱਲੋਂ ਆਪਣੀ ਹੜਤਾਲ ਨੂੰ ਪੋਸ਼ਟਪੋਨ ਕਰਦਿਆ ਰੱਖੜੀ ਦੇ ਤਿਉਹਾਰ ਨੂੰ ਦੇਖਦਿਆ ਸਰਕਾਰੀ ਲਾਰੀ ਨੂੰ ਚਲਾਉਣ ਦਾ ਐਲਾਨ ਕੀਤਾ ਹੈ ਤੇ 6 ਸਤੰਬਰ ਤੱਕ ਹੜਤਾਲ ਟਾਲ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਤੇ ਸੀਨੀ. ਮੀਤ ਪ੍ਰਧਾਨ ਹਰਕੇਸ ਵਿੱਕੀ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਬੈਠਕ ਕਈ ਜਿਆਦਾਤਰ ਮੰਗਾਂ ’ਤੇ ਸਹਿਮਤੀ ਬਣ ਗਈ ਹੈ ਤੇ 6 ਸਤੰਬਰ ਤੱਕ ਮੰਗਾਂ ਲਾਗੂ ਕਰਨ ਦੀ ਭਰੋਸਾ ਦਿੱਤਾ ਗਿਆ ਹੈ, ਜਿਸ ਕਾਰਨ ਕੰਟਰੈਕਟ ਕਾਮਿਆਂ ਵੱਲੋਂ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਡੱਬੀ -ਬਾਜ਼ਾਰ ਰਹਿਣਗੇ ਖੁੱਲ੍ਹੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਸ਼ਹਿਰ ਦੇ ਬਜਾਰ ਆਮ ਵਾਂਗ ਖੁੱਲ੍ਹੇ ਰਹਿਣਗੇ, ਜਿਸ ਨੂੰ ਲੈ ਕੇ ਵੱਖ-ਵੱਖ ਵਪਾਰ ਜਥੇਬੰਦੀਆਂ ਤੇ ਦੁਕਾਨਦਾਰਾਂ ਨੇ ਦੁਕਾਨਾਤੇ ਕਾਰੋਬਾਰ ਬੰਦ ਨਾ ਕਰਨ ਦਾ ਫੈਸਲਾ ਕੀਤਾ ਹੈ। ਕੁਲਵਿੰਦਰ ਸਿੰਘ ਲਵਲੀ ਪ੍ਰਧਾਨ ਸ਼ਾਪਕੀਪਰ ਯੂਨੀਅਨ ਅਤੇ ਚੈਅਰਮੈਨ ਮਹੇਸ਼ ਹਸੀਜਾ ਨੇ ਸਫਾ ਬਾਦੀਗੇਟ ਬਾਜ਼ਾਰ ਵਿਚ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਕਿਹਾ ਕਿ ਤਿਉਹਾਰਾ ਵਾਲੇ ਦਿਨਾਂ ਵਿਚ ਕੋਈ ਵੀ ਜਥੇਬੰਦੀ ਬੰਦ ਦੀ ਕਾਲ ਨਾ ਦੇਵੇ ਤੇ ਪਟਿਆਲਾ ਦੇ ਦੁਕਾਨਦਾਰ ਬਾਜ਼ਾਰ ਬੰਦ ਨਹੀਂ ਕਰਨਗੇ ਕਿਉਂਕਿ ਤਿਉਹਾਰਾਂ ਕਰਕੇ ਦੁਕਾਨਦਾਰ ਕਰਜ਼ਾ ਚੁੱਕ ਕੇ ਸਮਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨੂੰ ਬੇਨਤੀ ਹੈ ਕੋਈ ਵੀ ਜਥੇਬੰਦੀ ਬਜ਼ਾਰ ਬੰਦ ਨਾ ਕਰਾਵੇ ਤਾਂ ਕਿ ਦੁਕਾਨਦਾਰ ਦਾ ਤਿਉਹਾਰ ਖ਼ਰਾਬ ਹੋਵੇਗਾ। ਕੁਲਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਹਰ ਇਕ ਦੁਕਾਨਦਾਰ ਨਾਲ ਖੜ੍ਹੇ ਹਾਂ ਜੇਕਰ ਸਰਕਾਰ ਦੇ ਕਿਸੇ ਵਿਭਾਗ ਦੇ ਅਧਿਕਾਰੀ ਨੇ ਵੀ ਦੁਕਾਨਦਾਰ ਨੂੰ ਤੰਗ ਪ੍ਰੇਸਾਨ ਕੀਤਾ ਤਾਂ ਅਸੀਂ ਸਰਕਾਰ ਦਾ ਪਿਟ ਸਿਆਪਾ ਕਰਾਂਗੇ।